ਬਠਿੰਡਾ (ਸ਼ਗਨ ਕਟਾਰੀਆ): ਬਠਿੰਡਾ-ਗੋਨਿਆਣਾ ਰੋਡ ’ਤੇ ਸ਼ਨਿਚਰਵਾਰ ਨੂੰ ਵਾਪਰੇ ਸੜਕ ਹਾਦਸੇ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਹੋਏ ਇੱਕ ਪੰਜਾਬੀ ਅਖ਼ਬਾਰ ਦੇ ਜ਼ਿਲ੍ਹਾ ਇੰਚਾਰਜ ਕੰਵਲਜੀਤ ਸਿੰਘ ਸਿੱਧੂ ਦੀ ਲਾਸ਼ ਕੌਮੀ ਖਾਦ ਕਾਰਖਾਨੇ ਦੀਆਂ ਝੀਲਾਂ ਵਿੱਚੋਂ ਮਿਲੀ ਹੈ। ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਵਾਲੰਟੀਅਰਾਂ ਨੇ ਪੁਲੀਸ ਦੀ ਮੌਜੂਦਗੀ ’ਚ ਲਾਸ਼ ਝੀਲਾਂ ਵਿੱਚੋਂ ਬਾਹਰ ਕੱਢੀ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਿਜਵਾਈ। ਫਿਲਹਾਲ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਸ ਤੋਂ ਪਹਿਲਾਂ ਥਾਣਾ ਥਰਮਲ ਪੁਲੀਸ ਨੇ ਅੰਮ੍ਰਿਤਪਾਲ ਸਿੰਘ ਵਲ੍ਹਾਣ ਵਾਸੀ ਸ਼ਾਂਤ ਨਗਰ ਬਠਿੰਡਾ ਦੇ ਬਿਆਨਾਂ ’ਤੇ ਇਸ ਮਾਮਲੇ ’ਚ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਅੰਮ੍ਰਿਤਪਾਲ ਸਿੰਘ ਮੁਤਾਬਕ ਸ਼ਨਿਚਰਵਾਰ ਬਾਅਦ ਦੁਪਹਿਰ ਇੱਕ ਵਿਅਕਤੀ ਨੇ ਉਸ ਨੂੰ ਕੰਵਲਜੀਤ ਸਿੰਘ ਦੇ ਸੜਕ ਹਾਦਸੇ ਦਾ ਸ਼ਿਕਾਰ ਹੋਣ ਬਾਰੇ ਜਾਣਕਾਰੀ ਦਿੱਤੀ ਸੀ। ਜਦੋਂ ਉਹ ਹਾਦਸੇ ਵਾਲੀ ਥਾਂ ’ਤੇ ਪੁੱਜਿਆ ਤਾਂ ਕੰਵਲਜੀਤ ਦਾ ਮੋਟਰਸਾਈਕਲ ਉੱਥੇ ਖੜ੍ਹਾ ਸੀ ਪਰ ਉਹ ਖ਼ੁਦ ਉੱਥੇ ਨਹੀਂ ਸੀ।
ਪ੍ਰਤੱਖਦਰਸ਼ੀਆਂ ਅਨੁਸਾਰ ਕੌਮੀ ਖਾਦ ਕਾਰਖਾਨੇ ਨੇੜਲੇ ਪੈਟਰੋਲ ਪੰਪ ਲਾਗੇ ਕੰਵਲਜੀਤ ਨੂੰ ਜ਼ਖ਼ਮੀ ਹਾਲਤ ’ਚ ਦੇਖਿਆ ਗਿਆ, ਜਿੱਥੋਂ ਉਹ ਆਪਣੇ ਮੋਟਰਸਾਈਕਲ ’ਤੇ ਬਠਿੰਡਾ ਵੱਲ ਚਲਾ ਗਿਆ ਸੀ। ਪਰਿਵਾਰ, ਪੁਲੀਸ ਅਤੇ ਸਾਥੀ ਪੱਤਰਕਾਰਾਂ ਨੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਕੋਈ ਥਹੁ-ਪਤਾ ਨਾ ਲੱਗਿਆ। ਥਾਣਾ ਥਰਮਲ ਦੇ ਮੁੱਖ ਥਾਣਾ ਅਫ਼ਸਰ ਰਵਿੰਦਰ ਸਿੰਘ ਦਾ ਕਹਿਣਾ ਸੀ ਕਿ ਕੰਵਲਜੀਤ ਸਿੰਘ ਦੀ ਲਾਸ਼ ਬਰਾਮਦ ਹੋ ਗਈ ਹੈ, ਜਿਸ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।