ਫ਼ਤਹਿਗੜ੍ਹ ਪੰਜਤੂਰ (ਹਰਦੀਪ ਸਿੰਘ): ਸਾਊਦੀ ਅਰਬ ਵਿੱਚ 26 ਸਤੰਬਰ ਨੂੰ ਸੜਕ ਹਾਦਸੇ ’ਚ ਹਲਾਕ ਹੋਏ ਫ਼ਤਹਿਗੜ੍ਹ ਪੰਜਤੂਰ ਦੇ ਨੌਜਵਾਨ ਮਨਜਿੰਦਰ ਸਿੰਘ ਜੋਨੀ ਦੀ ਮ੍ਰਿਤਕ ਦੇਹ ਅੱਜ ਤੜਕਸਾਰ ਪਿੰਡ ਪੁੱਜੀ। ਸਾਊਦੀ ਅਰਬ ਦੇ ਸਖ਼ਤ ਕਾਨੂੰਨਾਂ ਕਾਰਨ ਪਰਿਵਾਰ ਨੂੰ ਲਾਸ਼ ਲਈ 35 ਦਿਨ ਉਡੀਕ ਕਰਨੀ ਪਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਨਜਿੰਦਰ ਕਰੀਬ ਚਾਰ ਸਾਲ ਪਹਿਲਾਂ ਰੋਜ਼ੀ-ਰੋਟੀ ਲਈ ਸਾਊਦੀ ਅਰਬ ਗਿਆ ਸੀ। ਉੱਥੇ ਉਹ ਕਰੇਨ ਚਲਾਉਂਦਾ ਸੀ। ਲੰਘੀ 26 ਸਤੰਬਰ ਦੀ ਰਾਤ ਨੂੰ ਕਰੇਨ ਚਲਾਉਂਦੇ ਹੋਏ ਸੜਕ ਹਾਦਸੇ ’ਚ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਸੰਸਦ ਮੈਂਬਰ ਭਗਵੰਤ ਮਾਨ ਸਮੇਤ ਹੋਰ ਕਈ ਸਿਆਸੀ ਆਗੂਆਂ ਵੱਲੋਂ ਭਾਰਤੀ ਸਫ਼ਾਰਤਖਾਨੇ ਪਹੁੰਚ ਕੀਤੇ ਜਾਣ ’ਤੇ ਅੱਜ 35 ਦਿਨਾਂ ਬਾਅਦ ਮ੍ਰਿਤਕ ਦੀ ਲਾਸ਼ ਪਿੰਡ ਪੁੱਜੀ ਜਿਸ ਦਾ ਪਰਿਵਾਰ ਵੱਲੋਂ ਸਸਕਾਰ ਕਰ ਦਿੱਤਾ ਗਿਆ।