ਮੋਗਾ: ਦੁਬਈ ਦੀ ਇੱਕ ਕੰਪਨੀ ਵਿੱਚ ਪਿਛਲੇ ਵੀਹ ਸਾਲਾਂ ਤੋਂ ਡਰਾਈਵਰ ਦੀ ਨੌਕਰੀ ਕਰ ਰਹੇ ਧਰਮਕੋਟ ਸਬ-ਡਿਵੀਜ਼ਨ ਅਧੀਨ ਪੈਂਦੇ ਪਿੰਡ ਤਲਵੰਡੀ ਮੱਲੀਆਂ ਦੇ ਵਸਨੀਕ ਨੌਜਵਾਨ ਗੁਰਦੇਵ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਕਰੀਬ 16 ਦਿਨ ਪਹਿਲਾਂ ਦੁਬਈ ਵਿੱਚ ਮੌਤ ਹੋ ਗਈ ਸੀ। ਸਮਾਜ ਸੇਵੀ ਡਾ. ਐੱਸਪੀ ਸਿੰਘ ਓਬਰਾਏ ਦੇ ਯਤਨਾਂ ਸਦਕਾ ਅੱਜ ਉਕਤ ਨੌਜਵਾਨ ਦੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਤਲਵੰਡੀ ਮੱਲੀਆਂ ਪਹੁੰਚੀ, ਜਿੱਥੇ ਧਾਰਮਿਕ ਰਸਮਾਂ ਅਨੁਸਾਰ ਗੁਰਦੇਵ ਸਿੰਘ ਦਾ ਸਸਕਾਰ ਕੀਤਾ ਗਿਆ। ਮ੍ਰਿਤਕ ਦੇ ਵੱਡੇ ਭਰਾ ਜਗਦੇਵ ਸਿੰਘ ਨੇ ਦੱਸਿਆ ਕਿ ਕੰਪਨੀ ਵੱਲੋਂ ਛੁੱਟੀ ਨਾ ਦਿੱਤੇ ਜਾਣ ਕਾਰਨ ਉਸ ਦਾ ਭਰਾ ਗੁਰਦੇਵ ਸਿੰਘ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਚੱਲ ਰਿਹਾ ਸੀ। ਲੰਮੇ ਸਮੇਂ ਤੋਂ ਪਰਿਵਾਰ ਨੂੰ ਨਾ ਮਿਲ ਸਕੇ ਗੁਰਦੇਵ ਸਿੰਘ ਨੂੰ ਜਦੋਂ ਛੁੱਟੀ ਨਾ ਮਿਲੀ ਤਾਂ ਉਹ ਨਿਰਾਸ਼ ਹੋ ਗਿਆ ਤੇ ਉਸ ਦੇ ਹੱਥ ਕੰਬਣ ਲੱਗ ਪਏ। ਇਸ ਮਗਰੋਂ ਕੰਪਨੀ ਨੇ ਉਸ ਨੂੰ ਛੁੱਟੀ ਦੇ ਦਿੱਤੀ, ਪਰ ਗੁਰਦੇਵ ਮਾਨਸਿਕ ਤੌਰ ’ਤੇ ਤੰਦਰੁਸਤ ਨਾ ਹੋਣ ਕਾਰਨ ਕਈ ਦਿਨ ਆਪਣੇ ਕਮਰੇ ਵਿੱਚ ਹੀ ਬੰਦ ਰਿਹਾ। ਇਸ ਮਗਰੋਂ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਜਗਦੇਵ ਨੇ ਦੱਸਿਆ ਕਿ ਉਨ੍ਹਾਂ ਕਈ ਵਾਰ ਕੰਪਨੀ ਨੂੰ ਸੰਪਰਕ ਕਰਕੇ ਅਪੀਲ ਕੀਤੀ ਕਿ ਗੁਰਦੇਵ ਦੀ ਮ੍ਰਿਤਕ ਦੇਹ ਭਾਰਤ ਭੇਜ ਦਿੱਤੀ ਜਾਵੇ, ਪਰ ਕੰਪਨੀ ਨੇ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ। ਇਸ ਮੌਕੇ ਪਰਿਵਾਰ ਨੇ ਸਰਬੱਤ ਦਾ ਭਲਾ ਸੰਸਥਾ ਦਾ ਧੰਨਵਾਦ ਕੀਤਾ। -ਪੱਤਰ ਪ੍ਰੇਰਕ