ਪੱਤਰ ਪ੍ਰੇਰਕ
ਮੁਕੇਰੀਆਂ, 7 ਜੂਨ
ਇੱਥੋਂ ਨੇੜਲੇ ਪਿੰਡ ਧਰਮਪੁਰ ਦੇ ਖੇਤਾਂ ਵਿੱਚੋਂ ਕੱਲ੍ਹ ਮਿਲੇ ਬੰਬ ਨੂੰ ਪੀਏਪੀ ਤੋਂ ਆਏ ਬੰਬ ਨਕਾਰਾ ਦਸਤੇ ਨੇ ਖੇਤਾਂ ਵਿੱਚ ਹੀ ਸੁਰੱਖਿਅਤ ਦੱਬ ਦਿੱਤਾ ਹੈ। ਮੁੱਢਲੀ ਜਾਣਕਾਰੀ ਵਿੱਚ ਇਹ ਬੰਬ 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਮੁਕੇਰੀਆਂ ਰੇਲਵੇ ਸਟੇਸ਼ਨ ਤੋਂ ਗੁਜ਼ਰਨ ਵਾਲੀ ਧਮਾਕਾਖੇਜ਼ ਪਦਾਰਥਾਂ ਨਾਲ ਭਰੀ ਰੇਲ ਗੱਡੀ ਨੂੰ ਤਬਾਹ ਕਰਨ ਦੀ ਮਨਸ਼ਾ ਨਾਲ ਜਹਾਜ਼ ਰਾਹੀਂ ਸੁੱਟਿਆ ਗਿਆ ਦੱਸਿਆ ਜਾ ਰਿਹਾ ਹੈ, ਜਿਹੜਾ ਕਿ ਇੱਕ ਛੱਪੜ ਦੀ ਸੁਰੱਖਿਅਤ ਜ਼ਮੀਨ ਵਿੱਚ ਡਿੱਗਣ ਕਾਰਨ ਫਟਣ ਤੋਂ ਬਚ ਗਿਆ ਸੀ।
ਜਾਣਕਾਰੀ ਅਨੁਸਾਰ ਬੀਤੇ ਦਿਨ ਪਿੰਡ ਧਰਮਪੁਰ ਦਾ ਕਿਸਾਨ ਅਤਿੰਦਰਪਾਲ ਸਿੰਘ ਆਪਣੇ ਟਰੈਕਟਰ ਨਾਲ ਖੇਤ ਵਾਹ ਰਿਹਾ ਸੀ ਤਾਂ ਹਲਾਂ ਵਿੱਚ ਭਾਰੀ ਵਸਤੂ ਫਸਣ ਕਾਰਨ ਟਰੈਕਟਰ ਰੁਕ ਗਿਆ, ਜਦੋਂ ਕਿਸਾਨ ਨੇ ਦੇਖਿਆ ਤਾਂ ਉਸ ਨੂੰ ਬੰਬਨੁਮਾ ਵਸਤੂ ਨਜ਼ਰ ਆਈ, ਜਿਸ ਬਾਰੇ ਉਸ ਨੇ ਪੁਲੀਸ ਨੂੰ ਸੂਚਿਤ ਕੀਤਾ। ਪੀਏਪੀ ਜਲੰਧਰ ਦੀ 7ਵੀਂ ਬਟਾਲੀਅਨ ਦੇ ਸਟੇਟ ਬੰਬ ਡਿਸਪੋਜ਼ਲ ਟੀਮ ਦੇ ਇੰਚਾਰਜ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਧਰਮਪੁਰ ਵਿੱਚ ਮਿਲਿਆ ਬੰਬ ਵਜ਼ਨਦਾਰ ਹੋਣ ਕਾਰਨ ਇਸ ਨੂੰ ਜਹਾਜ਼ ਰਾਹੀਂ ਹੀ ਸੁੱਟਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਬੰਬ ਨੂੰ ਜਗਰਾਉਂ ਏਅਰ ਫੋਰਸ ਫਾਇਰਿੰਗ ਰੇਂਜ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਨਕਾਰਾ ਕਰ ਦਿੱਤਾ ਜਾਵੇਗਾ। ਸਥਾਨਕ ਲੋਕਾਂ ਦੇ ਦੱਸਣ ਅਨੁਸਾਰ 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਧਮਾਕਾਖੇਜ਼ ਪਦਾਰਥਾਂ ਨਾਲ ਭਰੀ ਰੇਲ ਗੱਡੀ ਨੂੰ ਨਿਸ਼ਾਨਾ ਬਣਾ ਕੇ ਮੁਕੇਰੀਆਂ ਰੇਲਵੇ ਸਟੇਸ਼ਨ ‘ਤੇ ਦੋ ਬੰਬ ਸੁੱਟੇ ਗਏ ਸਨ, ਜਿਸ ਵਿੱਚੋਂ ਇੱਕ ਬੰਬ ਫਟ ਗਿਆ ਸੀ, ਜਦੋਂਕਿ ਦੂਜਾ ਬੰਬ ਇਥੇ ਛੱਪੜ ‘ਚ ਡਿੱਗਣ ਕਾਰਨ ਫਟਣ ਤੋਂ ਬਚ ਗਿਆ ਸੀ।