ਪੱਤਰ ਪ੍ਰੇਰਕ
ਖਨੌਰੀ, 26 ਜੂਨ
ਰੋਹਤਕ (ਹਰਿਆਣਾ) ਤੋਂ ਨੇੜਲੇ ਪਿੰਡ ਕਾਹਨਗੜ੍ਹ ਆਪਣੇ ਨਾਨਕੇ ਪਰਿਵਾਰ ਨੂੰ ਮਿਲਣ ਆਏ ਇੱਕ ਨਾਬਾਲਗ ਲੜਕੇ ਦੀ ਅੱਜ ਸਥਾਨਕ ਭਾਖੜਾ ਮੇਨ ਲਾਈਨ ਵਿਚੋਂ ਨਿਕਲਦੇ ਸੂਏ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਲੜਕੇ ਦੀ ਪਛਾਣ ਮਨਦੀਪ ਸਿੰਘ ਪੁੱਤਰ ਸ਼ੀਲੂ ਰਾਮ ਵਜੋਂ ਹੋਈ ਹੈ, ਜਿਸ ਦੀ ਉਮਰ 13-14 ਸਾਲ ਦੱਸੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਨਦੀਪ ਅੱਜ ਸਵੇਰੇ ਕਰੀਬ ਅੱਠ ਵਜੇ ਆਪਣੇ ਨਾਨਕੇ ਪਿੰਡ ਕਾਹਨਗੜ੍ਹ ਆਇਆ ਸੀ। ਥੋੜ੍ਹੀ ਦੇਰ ਬਾਅਦ ਮਨਦੀਪ ਤੇ ਉਸ ਦੇ ਮਾਮੇ ਦਾ ਲੜਕਾ ਹਰਮਨ ਖਨੌਰੀ ਵਿਖੇ ਭਾਖੜਾ ਨਹਿਰ ਦੇ ਹੈੱਡ ਕੋਲੋਂ ਨਿਕਲਦੇ ਰਜਵਾਹੇ ‘ਤੇ ਨਹਾਉਣ ਲਈ ਚਲੇ ਗਏ। ਇਸ ਦੌਰਾਨ ਮਨਦੀਪ ਰਜਵਾਹੇ ਦੇ ਤੇਜ਼ ਵਗਦੇ ਪਾਣੀ ਵਿੱਚ ਰੁੜ੍ਹ ਗਿਆ। ਆਲੇ-ਦੁਆਲੇ ਮੌਜੂਦ ਲੋਕਾਂ ਨੇ ਉਸ ਨੂੰ ਕੱਢ ਕੇ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।