ਸਿਮਰਤ ਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 20 ਫਰਵਰੀ
ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਦੇਵੀਦਾਸਪੁਰਾ ਵਿਖੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਮੌਕੇ ਲਾੜਾ ਬਣੇ ਅਮਨਦੀਪ ਸਿੰਘ ਨੇ ਆਪਣੀ ਵੋਟ ਪੋਲ ਕੀਤੀ। ਸਮਾਜ ਸੇਵੀ ਗੁਰਵਿੰਦਰ ਸਿੰਘ ਨੇ ਦੱਸਿਆ ਪਿੰਡ ਦੇਵੀਦਾਸਪੁਰ ਦੇ ਨੌਜਵਾਨ ਅਮਨਦੀਪ ਸਿੰਘ, ਜਿਸ ਦਾ ਅੱਜ ਵਿਆਹ ਹੈ, ਨੇ ਬਰਾਤ ਲੈ ਕੇ ਜਾਣ ਮੌਕੇ ਘੋੜੀ ਚੜ੍ਹਨ ਤੋਂ ਪਹਿਲਾਂ ਆਪਣੇ ਪਰਿਵਾਰ ਸਮੇਤ ਸਥਾਨਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਪਣੀ ਵੋਟ ਪੋਲ ਕੀਤੀ। ਇਸ ਮੌਕੇ ਉਨ੍ਹਾਂ ਨਾਲ ਅਮਰੀਕ ਸਿੰਘ ਸੋਢੀ, ਵਰਿੰਦਰ ਸਿੰਘ ਜੰਮੂ ਤੇ ਹੋਰ ਰਿਸ਼ਤੇਦਾਰ ਮੌਜੂਦ ਸਨ।
ਪਟਿਆਲਾ(ਸਰਬਜੀਤ ਸਿੰਘ ਭੰਗੂ): ਸ਼ਾਦੀ ਦੇ ਜੋੜੇ ‘ਚ ਸਜੀ ਲਾੜੀ ਲਾਵਾਂ ਲੈਣ ਤੋਂ ਪਹਿਲਾਂ ਪਟਿਆਲਾ ਵਿਖੇ ਪੋਲਿੰਗ ਸਟੇਸ਼ਨ ਵਿੱਚ ਵੋਟ ਪਾ ਕੇ ਬਾਹਰ ਆਉਂਦੀ ਹੋਈ।
ਉਸ ਨੇ ਪਹਿਲੀ ਵਾਰ ਵੋਟ ਦਾ ਇਸਤੇਮਾਲ ਕੀਤਾ, ਜਿਸ ਕਰਕੇ ਉਸ ਨੂੰ ਚੋਣ ਅਮਲੇ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਤ ਵੀ ਕੀਤਾ ਗਿਆ।
ਸਰਦੂਲਗੜ੍ਹ(ਬਲਜੀਤ ਸਿੰਘ):ਪਿੰਡ ਭੰਮੇ ਖੁਰਦ ਵਿਖੇ ਗੁਰਪਿਆਰ ਸਿੰਘ ਪੁੱਤਰ ਜਗਤਾਰ ਸਿੰਘ ਨੇ ਬਰਾਤ ਚੜ੍ਹਨ ਤੋਂ ਪਹਿਲਾਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।
ਗੁਰਪਿਆਰ ਸਿੰਘ ਆਪਣੇ ਬਰਾਤੀਆਂ ਸਮੇਤ ਪੋਲਿੰਗ ਬੂਥ ਤੇ ਪਹੁੰਚਿਆ ਅਤੇ ਆਪਣੀ ਵੋਟ ਕਰਨ ਤੋਂ ਬਾਅਦ ਬਰਾਤ ਚੜ੍ਹਿਆ।
ਰੂਪਨਗਰ(ਜਗਮੋਹਨ ਸਿੰਘ): ਇੱਥੇ ਆਈਟੀਆਈ ਲੜਕੀਆਂ ਵਿਖੇ ਬਣਾਇਆ ਗਿਆ ਪਿੰਕ ਬੂਥ ਵੋਟਰਾਂ ਨੂੰ ਖੂਬ ਪਸੰਦ ਆਇਆ, ਜਿਥੇ ਆਪਣੇ ਵਿਆਹ ਵਾਲੇ ਦਿਨ ਪਹੁੰਚੇ ਲਾੜੇ ਗੈਰੀ ਸੈਣੀ ਨੇ ਵੋਟ ਪਾ ਕੇ ਖੁਸ਼ੀ ਜਾਹਿਰ ਕੀਤੀ। ਉਸ ਨੇ ਕਿਹਾ ਕਿ ਇਸ ਪਿੰਕ ਪੋਲਿੰਗ ਸਟੇਸ਼ਨ ਉੱਤੇ ਵੀ ਵਿਆਹ ਵਾਲਾ ਮਾਹੌਲ ਹੈ।
ਉਸ ਦੀ ਮਾਤਾ ਕਮਲੇਸ਼ ਸੈਣੀ ਨੇ ਵੀ ਕਿਹਾ ਕਿ ਪੋਲਿੰਗ ਸਟੇਸ਼ਨ ਉੱਤੇ ਕੀਤੇ ਗਏ ਪ੍ਰਬੰਧ ਬਹੁਤ ਵਧੀਆ ਹਨ ਅਤੇ ਉਨ੍ਹਾਂ ਨੂੰ ਇਥੇ ਵੋਟ ਪਾ ਕੇ ਬਹੁਤ ਵਧੀਆ ਲੱਗਿਆ।
ਭਵਾਨੀਗੜ੍ਹ(ਮੇਜਰ ਸਿੰਘ ਮੱਟਰਾਂ): ਵਿਧਾਨ ਸਭਾ ਹਲਕਾ ਸੰਗਰੂਰ ਵਿੱਚ ਪੈਂਦੇ ਭਵਾਨੀਗੜ੍ਹ ਬਲਾਕ ਦੇ ਪਿੰਡ ਬਾਲਦ ਖੁਰਦ ਦੀ ਸ਼ੁਮਨਦੀਪ ਕੌਰ ਨੇ ਲਾਵਾਂ ਲੈਣ ਤੋਂ ਬਾਅਦ ਆਪਣੇ ਪਤੀ ਨਾਲ ਵੋਟ ਅਧਿਕਾਰ ਦੀ ਵਰਤੋਂ ਕੀਤੀ।
ਭੁਲੱਥ(ਦਲੇਰ ਸਿੰਘ ਚੀਮਾ): ਹਲਕਾ ਭੁਲੱਥ ਦੇ ਬੂਥ ਨੰਬਰ 159 ’ਤੇ ਘੋੜੀ ਚੜ੍ਹਨ ਤੋਂ ਪਹਿਲਾਂ ਲਾੜੇ ਸ਼ੇਰਾ ਨੇ ਵੋਟ ਪਾਈ। ਉਹ ਆਪਣੇ ਸਕੇ ਸਬੰਧੀਆਂ ਨਾਲ ਵੋਟ ਪਾਉਣ ਲਈ ਆਇਆ।