ਪੱਤਰ ਪ੍ਰੇਰਕ
ਆਦਮਪੁਰ ਦੋਆਬਾ, 3 ਜੂਨ
ਇਥੋਂ ਦੇ ਮੁੱਖ ਮਾਰਗ’ਤsੇ ਬਣ ਰਹੇ ਪੁਲ ਕਾਰਨ ਇਲਾਕੇ ਦੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ 2 ਸਾਲਾਂ ਤੋਂ ਵੱਧ ਸਮੇਂ ਤੋਂ ਬਣ ਰਹੇ ਪੁਲ ਦੌਰਾਨ ਠੇਕੇਦਾਰ ਦੇ ਕਰਿੰਦਿਆਂ ਦੀ ਮਨਮਰਜ਼ੀ ਅਤੇ ਅਣਗਹਿਲੀ ਕਾਰਨ ਸੜਕ ਕਿਨਾਰੇ ਰਹਿ ਰਹੇ ਲੋਕਾਂ ਦਾ ਜਿਉਣਾ ਦੁੱਭਰ ਹੋਇਆ ਪਿਆ ਹੈ। ਬੀਤੀ ਰਾਤ ਹੋਈ ਬਰਸਾਤ ਕਾਰਨ ਪੁਲ ਦੇ ਨਾਲ ਨਾਲ ਏਨਾ ਜ਼ਿਆਦਾ ਚਿੱਕੜ ਹੋ ਗਿਆ ਹੈ ਕਿ ਇੱਕ ਟਰੱਕ ਨੂੰ ਕੱਢਣ ਲਈ ਕਰੇਨ ਦਾ ਸਹਾਰਾ ਲਿਆ ਗਿਆ। ਇਸ ਤੋਂ ਇਲਾਵਾ ਹੋਰ ਕਈ ਵਾਹਨ ਵੀ ਫਸੇ ਰਹੇ। ਅੱਜ ਆਦਮਪੁਰ ਵਿੱਚੋਂ ਲੰਘਣ ਲਈ ਇੱਕ ਤੋਂ ਡੇਢ ਘੰਟਾ ਲੱਗ ਰਿਹਾ ਹੈ ਤੇ ਦੋਪਹੀਆ ਵਾਹਨ ਚਾਲਕ ਤਾਂ ਇਥੋਂ ਲੰਘਣ ਲਈ ਗੁਰੇਜ ਕਰਦੇ ਰਹੇ। ਰਾਹਗੀਰਾਂ ਨੂੰ ਪੈਦਲ ਚੱਲਣਾ ਵੀ ਮੁਹਾਲ ਹੋ ਗਿਆ। ਪੁਲ ਦੇ ਬਣਨ ਵਿੱਚ ਦੇਰੀ ਹੋਣ ਕਾਰਨ ਦੁਕਾਨਦਾਰਾਂ ਦੀ ਗਾਹਕੀ ਵੀ ਘੱਟ ਗਈ ਹੈ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਠੇਕੇਦਾਰ ਨੂੰ ਹਦਾਇਤ ਕੀਤੀ ਜਾਵੇ ਕਿ ਸਰਵਿਸ ਲੈਨ ਠੀਕ ਢੰਗ ਨਾਲ ਬਣਾਈ ਜਾਵੇ ਤਾਂ ਜੋ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।