ਬੀ ਐਸ ਚਾਨਾ
ਕੀਰਤਪੁਰ ਸਾਹਿਬ, 11 ਜੁਲਾਈ
ਕੀਰਤਪੁਰ ਸਾਹਿਬ ਇਲਾਕੇ ਅੰਦਰ ਮਾਨਸੂਨ ਦੀ ਪਹਿਲੀ ਹੋਈ ਬਰਸਾਤ ਨਾਲ ਜਿਥੇ ਲੋਕਾਂ ਨੂੰ ਗਰਮੀ ਤੋਂ ਨਿਜਾਤ ਮਿਲੀ ਹੈ ਉੱਥੇ ਹੀ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਪੋਲ ਖੋਲ੍ਹਦੇ ਹੋਏ ਕੀਰਤਪੁਰ ਸਾਹਿਬ ਵਿਖੇ ਚੰਡੀਗੜ੍ਹ-ਮਨਾਲੀ ਮਾਰਗ ’ਤੇ ਨਹਿਰ ਦੇ ਉੱਪਰ ਬਣੇ ਪੁਲ ’ਤੇ ਪਾਣੀ ਖੜ੍ਹਾ ਹੋ ਗਿਆ ਹੈ। ਪਾਣੀ ਵਿੱਚ ਕਈ ਛੋਟੀਆਂ ਕਾਰਾਂ ਫਸ ਗਈਆਂ। ਕਾਰਾਂ ਦੇ ਇੰਜਣਾਂ ’ਚ ਪਾਣੀ ਵੜ ਗਿਆ ਤੇ ਕਈ ਕਾਰਾਂ ਦੇ ਬੰਪਰ ਆਦਿ ਟੁੱਟ ਗਏ। ਇਸ ਕਾਰਨ ਲੰਮਾ ਸਮਾਂ ਆਵਾਜਾਈ ਪ੍ਰਭਾਵਿਤ ਰਹੀ। ਜ਼ਿਕਰਯੋਗ ਹੈ ਕਿ ਕੀਰਤਪੁਰ ਸਾਹਿਬ ਤੋਂ ਨੇਹਰ ਚੌਕ ਤੱਕ ਸੜਕ ਨੂੰ ਚਹੁੰ ਮਾਰਗੀ ਬਣਾਉਣ ਦਾ ਕੰਮ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਅਤੇ ਉਕਤ ਪੁਲ ਤੋਂ ਪਾਣੀ ਦੀ ਨਿਕਾਸੀ ਦਾ ਯੋਗ ਪ੍ਰਬੰਧ ਨਾ ਹੋਣ ਕਾਰਨ ਪਿਛਲੇ ਦੋ-ਤਿੰਨ ਸਾਲਾਂ ਤੋਂ ਬਰਸਾਤ ਦੌਰਾਨ ਰਾਹਗੀਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੜਕ ਬਣਾਉਣ ਵਾਲੀ ਕੰਪਨੀ ਹਰ ਵਾਰ ਪਾਣੀ ਦੀ ਨਿਕਾਸੀ ਲਈ ਯੋਗ ਪ੍ਰਬੰਧ ਕਰਨ ਵਿੱਚ ਨਾਕਾਮ ਸਾਬਤ ਹੋਈ ਹੈ। ਬੇਸ਼ੱਕ ਸ੍ਰੀ ਆਨੰਦਪੁਰ ਸਾਹਿਬ ਪ੍ਰਸ਼ਾਸਨ ਅਧਕਾਰੀ ਕਈ ਵਾਰ ਇਸ ਪੁਲ ਦੀ ਮੁਰੰਮਤ ਤੇ ਪਾਣੀ ਦੀ ਯੋਗ ਨਿਕਾਸੀ ਕਰਨ ਲਈ ਕੰਪਨੀ ਨੂੰ ਕਹਿਣ ਦੇ ਦਾਅਵੇ ਕਰ ਚੁੱਕੇ ਹਨ, ਪਰ ਉਕਤ ਦਾਅਵੇ ਹਾਲੇ ਤੱਕ ਪੂਰੇ ਨਹੀਂ ਹੋਏ। ਜਿਸ ਦਾ ਖਮਿਆਜ਼ਾ ਇਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਭੁਗਤਣਾ ਪਿਆ। ਦੱਸਣਯੋਗ ਹੈ ਕਿ ਇਹ ਪੁਲ ਦੋ ਇਤਿਹਾਸਕ ਸਥਾਨਾਂ ਜਿਵੇਂ ਕਿ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਤੇ ਦਰਗਾਹ ਬਾਬਾ ਬੁੱਢਣ ਸ਼ਾਹ ਜੀ ਨੂੰ ਆਪਸ ਵਿੱਚ ਜੋੜਦਾ ਹੈ ਜਿੱਥੇ ਰੋਜ਼ਾਨਾ ਹੀ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਲਈ ਆਉਂਦੀ ਹੈ।ਐਤਵਾਰ ਦਾ ਦਿਨ ਹੋਣ ਕਾਰਨ ਵੱਡੀ ਗਿਣਤੀ ਵਿਚ ਸੰਗਤਾਂ ਇਨ੍ਹਾਂ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਕੀਰਤਪੁਰ ਸਾਹਿਬ ਵਿਖੇ ਪਹੁੰਚੀਆਂ ਸਨ।
ਸਮੱਸਿਆ ਦਾ ਹੱਲ ਕੱਢਾਂਗੇ: ਐੱਸਡੀਐੱਮ
ਸ੍ਰੀ ਆਨੰਦਪੁਰ ਸਾਹਿਬ ਦੀ ਐੱਸਡੀਐੱਮ ਕੰਨੂ ਗਰਗ ਨਾਲ ਜਦੋਂ ਇਸ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਇਕ-ਦੋ ਦਿਨਾਂ ਵਿੱਚ ਹੀ ਨਗਰ ਪੰਚਾਇਤ ਦੇ ਅਧਿਕਾਰੀਆਂ ਤੇ ਸੜਕ ਬਣਾਉਣ ਵਾਲੀ ਕੰਪਨੀ ਦੇ ਅਧਿਕਾਰੀਆਂ ਨਾਲ ਗੱਲ ਕਰਕੇ ਇਸ ਸਮੱਸਿਆ ਦਾ ਹੱਲ ਕੱਢਣ ਸਬੰਧੀ ਮੀਟਿੰਗ ਕਰਨਗੇ।