ਆਤਿਸ਼ ਗੁਪਤਾ
ਚੰਡੀਗੜ੍ਹ, 11 ਜੁਲਾਈ
ਇੰਗਲੈਂਡ (ਯੂਕੇ) ਦੀ ਡਿਪਟੀ ਹਾਈ ਕਮਿਸ਼ਨਰ ਕੈਰੋਲਿਨ ਰੋਵੇਟ ਵੱਲੋਂ ਪੰਜਾਬ ਦੇ ਬਾਗਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਬਰਤਾਨਵੀ ਡਿਪਟੀ ਹਾਈ ਕਮਿਸ਼ਨਰ ਨੇ ਭਵਿੱਖ ਵਿੱਚ ਲੀਚੀ ਦੇ ਨਿਰਯਾਤ ਸਬੰਧੀ ਅਗਲੇਰੀ ਰਣਨੀਤੀ ਤੇ ਖੇਤੀ ਸਹਾਇਕ ਤਕਨੀਕਾਂ ਨੂੰ ਸਾਂਝਾ ਤੇ ਉਤਸ਼ਾਹਿਤ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ’ਚ ਪੰਜਾਬ ਦੀ ਬਰਾਮਦ ਲਈ ਏਕੀਕ੍ਰਿਤ ਬ੍ਰਾਂਡ ਦੇ ਵਿਕਾਸ ਸਣੇ ਸੂਰਜੀ ਊਰਜਾ, ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਡਰੋਨ ਮੈਪਿੰਗ, ਖੇਤੀ ਦੀਆਂ ਉੱਨਤ ਤਕਨੀਕਾਂ, ਖੇਤੀ ਕਾਰੋਬਾਰ ਉੱਦਮਾਂ ਸਬੰਧੀ ਮੌਕੇ ਅਤੇ ਕਾਰਬਨ ਅਤੇ ਵਾਟਰ ਕ੍ਰੈਡਿਟ ਦੀ ਖੋਜ ਬਾਰੇ ਸਹਿਯੋਗ ਲਈ ਵਿਚਾਰ-ਚਰਚਾ ਕੀਤੀ ਗਈ। ਸ੍ਰੀ ਜੌੜਾਮਾਜਰਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਛੇਤੀ ਹੀ ਲੀਚੀ ਦੀ ਵੱਢੀ ਖੇਪ ਇੰਗਲੈਂਡ ਭੇਜੀ ਜਾਵੇਗੀ। ਸ੍ਰੀਮਤੀ ਰੋਵੇਟ ਨੇ ਲੀਚੀ ਨਿਰਯਾਤ ਪ੍ਰੋਗਰਾਮ ਵਿੱਚ ਡੂੰਘੀ ਦਿਲਚਸਪੀ ਦਿਖਾਈ ਹੈ ਅਤੇ ਪੰਜਾਬ ਤੇ ਬਰਤਾਨੀਆ ਦਰਮਿਆਨ ਭਵਿੱਖੀ ਸਹਿਯੋਗ ਲਈ ਅਗਲੇਰੀ ਰੂਪ-ਰੇਖਾ ਉਲੀਕਣ ਦਾ ਭਰੋਸਾ ਦਿੱਤਾ। ਜ਼ਿਕਰਯੋਗ ਹੈ ਕਿ ਪੰਜਾਬ ਨੂੰ ਵਿਸ਼ਵ ਲੀਚੀ ਮੰਡੀ ਵਿੱਚ ਵੱਡੇ ਕਾਸ਼ਤਕਾਰ ਵਜੋਂ ਸਥਾਨ ਪ੍ਰਾਪਤ ਹੈ।