ਸੁਰਜੀਤ ਮਜਾਰੀ
ਬੰਗਾ, 25 ਅਕਤੂਬਰ
ਬਹੁਜਨ ਸਮਾਜ ਪਾਰਟੀ ਨੇ ਕਿਸਾਨ ਅੰਦੋਲਨ ਦਾ ਸਾਥ ਨਿਭਾਉਣ ਲਈ ਆਪਣੇ ਅਹਿਦ ਦੀ ਮੁੜ ਪ੍ਰੋੜਤਾ ਕੀਤੀ ਹੈ। ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਬਸਪਾ ਦਾ ਕੇਡਰ ਕਿਸਾਨਾਂ ਦੇ ਇਸ ਅੰਦੋਲਨ ਲਈ ਮੋਹਰੀ ਕਤਾਰ ’ਚ ਖੜ੍ਹਾ ਹੈ। ਉਹ ਬਹਿਰਾਮ ਦੇ ਟੌਲ ਪਲਾਜ਼ਾ ’ਤੇ ਕਿਸਾਨ ਜਥੇਬੰਦੀਆਂ ਵਲੋਂ ਚੱਲ ਰਹੇ ਨਿਰੰਤਰ ਧਰਨੇ ’ਚ ਆਪਣੀ ਟੀਮ ਨਾਲ ਸ਼ਾਮਲ ਹੋਏ ਸਨ, ਜਿਸ ਦੌਰਾਨ ਕਿਸਾਨ ਅੰਦੋਲਨ ਦੀ ਪਿੱਠ ਥਾਪੜਦਿਆਂ ਉਨ੍ਹਾਂ ਕਿਹਾ ਕਿ ਕਿਸਾਨ-ਮਜ਼ਦੂਰ ਦੇ ਏਕੇ ਮੂਹਰੇ ਕੇਂਦਰ ਨੂੰ ਆਪਣਾ ਫ਼ੈਸਲਾ ਬਦਲਣ ਲਈ ਮਜਬੂਰ ਹੋਣਾ ਪਵੇਗਾ। ਉਨ੍ਹਾਂ ਭਾਜਪਾ ’ਤੇ ਸੌੜੀ ਰਾਜਨੀਤੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਬੀਤੇ ਕਈ ਦਿਨਾਂ ਤੋਂ ਭਾਜਪਾਈਆਂ ਵਲੋਂ ਖੇਡਿਆ ਜਾ ਰਿਹਾ ਦਲਿਤ ਪੱਤਾ ਨਹੀਂ ਚੱਲਣ ਦਿੱਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਸੁਚੇਤ ਕੀਤਾ ਕਿ ਵਰਗ ਵੰਡ ਦਾ ਰੌਲਾ ਪੁਆ ਕੇ ਭਾਜਪਾ ਕਿਸਾਨ ਅੰਦੋਲਨ ਨੂੰ ਫੇਲ੍ਹ ਕਰਨ ਦੀ ਚਾਲ ਚੱਲ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਭਾਜਪਾ ਦੇ ਦਲਿਤ ਆਗੂਆਂ ਨੂੰ ਜ਼ਮੀਰ ਦੀ ਆਵਾਜ਼ ਪਛਾਣਨ ਦਾ ਹੋਕਾ ਦਿੰਦਿਆਂ ਕਿਹਾ ਕਿ ਬੇਗਾਨੀ ਸ਼ਹਿ ’ਤੇ ਆਪਣੇ ਘਰ ਦਾ ਉਜਾੜਾ ਨਾ ਕੀਤਾ ਜਾਵੇ ਅਤੇ ਆਰਐੱਸਐੱਸ ਦੇ ਇਸ਼ਾਰੇ ’ਤੇ ਦੇਸ਼ ਦਾ ਬੇੜਾ ਗਰਕ ਕਰਨ ’ਤੇ ਤੁਲੀ ਹੋਈ ਭਾਜਪਾ ਤੋਂ ਕਿਨਾਰਾ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਪਾਰਟੀ ਆਗੂਆਂ ਵਲੋਂ ‘ਕਿਸਾਨਾਂ ਦੇ ਸਨਮਾਨ ’ਚ, ਬਸਪਾ ਮੈਦਾਨ ’ਚ’ ਦਾ ਨਾਅਰਾ ਵੀ ਬੁਲੰਦ ਕੀਤਾ ਗਿਆ।