ਟ੍ਰਬਿਿਊੁਨ ਨਿਊਜ਼ ਸਰਵਿਸ
ਅੰਮ੍ਰਿਤਸਰ, 3 ਜੂਨ
ਜੂਨ 1984 ਵਿੱਚ ਸਾਕਾ ਨੀਲਾ ਤਾਰਾ ਫ਼ੌਜੀ ਹਮਲੇ ਵੇਲੇ ਸ੍ਰੀ ਦਰਬਾਰ ਸਾਹਿਬ ਵਿਖੇ ਗੋਲੀ ਲੱਗਣ ਨਾਲ ਵਿੰਨ੍ਹੇ ਗਏ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਸੰਗਤ ਦੇ ਦਰਸ਼ਨਾਂ ਲਈ ਅਕਾਲ ਤਖ਼ਤ ਦੇ ਨੇੜੇ ਗੁਰਦੁਆਰਾ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਵਿੱਚ ਲਿਆਂਦਾ ਗਿਆ, ਜਿੱਥੇ ਸੰਗਤਾਂ ਤਿੰਨ ਦਿਨ ਸਰੂਪ ਦੇ ਦਰਸ਼ਨ ਕਰ ਸਕਣਗੀਆਂ।
ਇਸ ਦੇ ਨਾਲ ਹੀ ਪਾਵਨ ਸਰੂਪ ਵਿੱਚ ਲੱਗੀ ਗੋਲੀ ਵੀ ਸੰਗਤ ਨੂੰ ਦਿਖਾਉਣ ਲਈ ਰੱਖੀ ਗਈ ਹੈ। ਬੁੱਧਵਾਰ ਨੂੰ ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਵਿੱਚ ਕੀਤੇ ਗਏ ਫ਼ੈਸਲੇ ਮੁਤਾਬਕ ਅੱਜ ਇਹ ਪੁਰਾਤਨ ਤੇ ਹੱਥ ਲਿਖਤ ਸਰੂਪ ਸੰਗਤ ਦੇ ਦਰਸ਼ਨਾਂ ਵਾਸਤੇ ਇਥੇ ਲਿਆਂਦਾ ਗਿਆ ਹੈ, ਜਿਸ ਦਾ ਪ੍ਰਕਾਸ਼ ਨਹੀਂ ਕੀਤਾ ਗਿਆ ਪਰ ਇੱਥੇ ਆਉਣ ਵਾਲੀ ਸੰਗਤ ਨੂੰ ਇਸ ਦੇ ਦਰਸ਼ਨ ਕਰਵਾਏ ਜਾ ਰਹੇ ਹਨ। ਇਸ ਸਬੰਧ ਵਿੱਚ ਅਕਾਲ ਤਖ਼ਤ ਨੇੜੇ 2 ਵੱਡੀਆ ਐੱਲਸੀਡੀ ਸਕਰੀਨਾਂ ਵੀ ਲਾਈਆਂ ਗਈਆਂ ਹਨ, ਜਿਨ੍ਹਾਂ ਰਾਹੀਂ ਮੱਥਾ ਟੇਕਣ ਆਉਂਦੀ ਸੰਗਤ ਸਰੂਪ ਦੇ ਦਰਸ਼ਨ ਕਰ ਰਹੀ ਹੈ। ਗੋਲੀ ਨਾਲ ਵਿੰਨ੍ਹਿਆ ਇਹ ਸਰੂਪ 37 ਸਾਲਾਂ ਬਾਅਦ ਸੰਗਤ ਦੇ ਦਰਸ਼ਨ ਲਈ ਲਿਆਂਦਾ ਗਿਆ ਹੈ। ਗੋਲੀ ਲੱਗਣ ਕਾਰਨ ਸਰੂਪ ਦੇ ਲੱਗਪਗ 90 ਅੰਗਾਂ ਨੂੰ ਨੁਕਸਾਨ ਪਹੁੰਚਿਆ ਸੀ, ਜਿਸ ਦੀ ਅਤਿ ਆਧੁਨਿਕ ਢੰਗ ਨਾਲ ਸੰਭਾਲ ਕੀਤੀ ਗਈ ਹੈ ਪਰ ਇਸ ਉੱਪਰ ਗੋਲੀ ਲੱਗਣ ਦੇ ਨਿਸ਼ਾਨ ਅੱਜ ਵੀ ਦੇਖੇ ਜਾ ਸਕਦੇ ਹਨ। ਅੰਦਾਜ਼ਨ ਇੱਕ ਸਦੀ ਤੋਂ ਵੱਧ ਪੁਰਾਤਨ ਇਸ ਹੱਥ ਲਿਖਤ ਸਰੂਪ ਦੀ ਜਿਲਦ ਨੂੰ ਉਸ ਸਥਿਤੀ ’ਚ ਰੱਖਿਆ ਗਿਆ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਦੱਸਿਆ ਕਿ ਜੂਨ 1984 ਦੇ ਘੱਲੂਘਾਰੇ ਵੇਲੇ ਦੱਖਣੀ ਦਰਵਾਜ਼ੇ ਤੋਂ ਹੋਈ ਗੋਲੀਬਾਰੀ ਦੌਰਾਨ ਇਕ ਗੋਲੀ ਇਸ ਪਾਵਨ ਸਰੂਪ ਨੂੰ ਲੱਗੀ ਸੀ, ਜਿਸ ਨਾਲ ਗਉੜੀ ਰਾਗ ਤੋਂ ਸੁਖਮਨੀ ਸਾਹਿਬ ਦੀ ਬਾਣੀ ਤੱਕ ਅੰਗ ਨੂੰ ਨੁਕਸਾਨ ਪੁੱਜਿਆ ਸੀ। ਇਸ ਮੌਕੇ ਸ੍ਰੀ ਅਕਾਲ ਤਖ਼ਤ ਦੇ ਮੁੱਖ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਨੇ ਸੰਗਤ ਨੂੰ ਉਕਤ ਸਰੂਪ ਦੀ ਕੀਤੀ ਗਈ ਸੇਵਾ ਅਤੇ ਗੋਲੀ ਨਾਲ ਨੁਕਸਾਨੇ ਗਏ ਅੰਗਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪਾਵਨ ਸਰੂਪ ਦੀ ਜਿਲਦ ਤੋਂ ਲੈ ਕੇ ਗੁਰਬਾਣੀ ਦੀ ਸ਼ੁਰੂਆਤ ਤੱਕ ਗੋਲੀ ਦੇ ਨਿਸ਼ਾਨ ਨੂੰ ਉਸੇ ਤਰ੍ਹਾਂ ਹੀ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਸ਼੍ਰੋਮਣੀ ਕਮੇਟੀ ਵੱਲੋਂ ਸਾਕਾ ਨਨਕਾਣਾ ਸਾਹਿਬ 1921 ਵਿੱਚ ਜ਼ਖ਼ਮੀ ਹੋਏ ਸਰੂਪ ਦੀ ਵੀ ਇਥੇ ਸਾਂਭ ਸੰਭਾਲ ਦੀ ਸੇਵਾ ਕਰਵਾਈ ਜਾ ਰਹੀ ਹੈ। ਇਸ ਸਰੂਪ ਦੀ ਸੇਵਾ ਸੰਭਾਲ ਦਾ ਵੀ 70 ਫ਼ੀਸਦੀ ਕੰਮ ਹੋ ਚੁੱਕਾ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸੰਗਤ ਲਈ ਸਿੱਧੇ ਪ੍ਰਸਾਰਨ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਅਰਦਾਸ ਭਾਈ ਸੁਲਤਾਨ ਸਿੰਘ ਨੇ ਕੀਤੀ।
ਫ਼ੌਜੀ ਹਮਲਾ ਸਿੱਖ ਕੌਮ ਲਈ ਡੂੰਘਾ ਜ਼ਖ਼ਮ: ਬੀਬੀ ਜਗੀਰ ਕੌਰ
ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸੰਗਤ ਨੂੰ ਇਸ ਸਰੂਪ ਦੇ ਦਰਸ਼ਨ ਕਰਵਾਉਂਦਿਆ ਕਿਹਾ ਕਿ ਜੂਨ 1984 ਦਾ ਫ਼ੌਜੀ ਹਮਲਾ ਸਿੱਖ ਕੌਮ ਲਈ ਗਹਿਰਾ ਜ਼ਖ਼ਮ ਹੈ, ਜਿਸ ਤੋਂ ਆਉਣ ਵਾਲੀਆਂ ਪੀੜ੍ਹੀਆਂ ਦਾ ਜਾਣੂ ਹੋਣਾ ਜ਼ਰੂਰੀ ਹੈ। ਕੌਮ 37 ਸਾਲਾਂ ਤੋਂ ਇਹ ਦਰਦ ਹੰਢਾਉਂਦੀ ਆ ਰਹੀ ਹੈ ਅਤੇ ਸਿੱਖ ਭਾਵਨਾਵਾਂ ਨੂੰ ਦੇਖਦਿਆਂ ਇਸ ਘੱਲੂਘਾਰੇ ਦੀਆਂ ਨਿਸ਼ਾਨੀਆਂ ਸੰਗਤ ਨੂੰ ਦਿਖਾਉਣ ਲਈ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਮੁਤਾਬਕ ਇਹ ਪਾਵਨ ਸਰੂਪ ਨੂੰ 5 ਜੂਨ ਤੱਕ ਸੰਗਤ ਦੇ ਦਰਸ਼ਨਾਂ ਲਈ ਰੱਖਿਆ ਜਾਵੇਗਾ ਅਤੇ 6 ਜੂਨ ਦੇ ਸ਼ਹੀਦੀ ਸਮਾਗਮ ਮਗਰੋਂ ਅੱਗੇ ਫ਼ੈਸਲੇ ਬਾਰੇ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਗੋਲੀਆਂ ਨਾਲ ਛਲਣੀ ਹੋ ਗਏ ਸੁਨਹਿਰੀ ਪੱਤਰੇ ਵੀ ਸੰਗਤ ਦੇ ਦੇਖਣ ਵਾਸਤੇ ਰੱਖੇ ਜਾਣਗੇ।