ਫ਼ਤਹਿਗੜ੍ਹ ਸਾਹਿਬ: ਅੰਬਾਲਾ-ਸਰਹਿੰਦ ਜੀਟੀ ਰੋਡ ’ਤੇ ਸਥਿਤ ਪਿੰਡ ਸੈਦਪੁਰਾ ਨਜ਼ਦੀਕ ਵਾਪਰੇ ਸੜਕ ਹਾਦਸੇ ਵਿਚ 20 ਦੇ ਕਰੀਬ ਜਣਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਪਰਵਾਸੀ ਮਜ਼ਦੂਰਾਂ ਨੂੰ ਉੱਤਰ ਪ੍ਰਦੇਸ਼ ਤੋਂ ਲੁਧਿਆਣਾ ਲਿਆ ਰਹੀ ਬੱਸ ਸਵੇਰੇ ਸਾਢੇ ਪੰਜ ਵਜੇ ਦੇ ਕਰੀਬ ਜਦੋਂ ਪਿੰਡ ਸੈਦਪੁਰਾ ਨਜ਼ਦੀਕ ਪਹੁੰਚੀ ਤਾਂ ਅਚਾਨਕ ਸੰਤੁਲਨ ਵਿਗੜਨ ਕਾਰਨ ਬੱਸ ਸੜਕ ਕਿਨਾਰੇ ਢਾਬੇ ਅੱਗੇ ਖੜ੍ਹੀਆਂ ਦੋ ਕਾਰਾਂ ਨਾਲ ਟਕਰਾਉਣ ਉਪਰੰਤ ਕੁਝ ਦੂਰ ਜਾ ਕੇ ਸੜਕ ’ਤੇ ਪਲਟ ਗਈ। ਦੱਸਿਆ ਜਾ ਰਿਹਾ ਹੈ ਦੋ ਕਾਰਾਂ ’ਚ ਸਵਾਰ ਦੋ ਪਰਿਵਾਰਾਂ ਦੇ ਅੱਠ ਦੇ ਕਰੀਬ ਮੈਂਬਰ ਦਿੱਲੀ ਤੋਂ ਮੱਥਾ ਟੇਕਣ ਲਈ ਦਰਬਾਰ ਸਾਹਿਬ ਅੰਮ੍ਰਿਤਸਰ ਵੱਲ ਜਾ ਰਹੇ ਸਨ। ਉਹ ਸੈਦਪੁਰਾ ਨਜ਼ਦੀਕ ਇੱਕ ਢਾਬੇ ‘ਤੇ ਚਾਹ-ਪਾਣੀ ਪੀਣ ਲਈ ਰੁਕੇ ਸਨ। ਉਨ੍ਹਾਂ ’ਚੋਂ ਔਰਤਾਂ ਤੇ ਬੱਚੇ ਉੱਤਰ ਕੇ ਢਾਬੇ ਵੱਲ ਚਲੇ ਗਏ ਜਦੋਂਕਿ ਤਿੰਨ ਜਣੇ ਕਾਰਾਂ ਵਿਚ ਬੈਠੇ ਸਨ। ਬੱਸ ਦੀ ਟੱਕਰ ਕਾਰਨ ਕਾਰ ਸਵਾਰ ਦੋ ਜਣਿਆਂ ਮਨਜੋਤ ਸਿੰਘ ਅਤੇ ਰਮਨਜੋਤ ਸਿੰਘ ਨੂੰ ਇਲਾਜ ਲਈ ਪਟਿਆਲੇ ਦਾਖ਼ਲ ਕਰਵਾਇਆ ਗਿਆ ਹੈ। ਇਸ ਹਾਦਸੇ ਕਾਰਨ ਬੱਸ ਵਿਚ ਸਵਾਰ ਜ਼ਖ਼ਮੀ ਵਿਅਕਤੀਆਂ ਨੂੰ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਲਿਜਾਇਆ ਗਿਆ ਸੀ ਜੋ ਕਿ ਮੁੱਢਲੀ ਸਹਾਇਤਾ ਲੈਣ ਉਪਰੰਤ ਚਲੇ ਗਏ। ਪੁਲੀਸ ਚੌਂਕੀ ਨਬੀਪੁਰ ਦੇ ਇੰਚਾਰਜ ਸਬ-ਇੰਸਪੈਕਟਰ ਪ੍ਰਿੰਸਪ੍ਰੀਤ ਸਿੰਘ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। -ਪੱਤਰ ਪ੍ਰੇਰਕ