ਸੰਜੀਵ ਬੱਬੀ
ਚਮਕੌਰ ਸਾਹਿਬ, 14 ਜੁਲਾਈ
ਇੱਥੇ ਬੀਤੇ ਦਿਨ ਪਏ ਭਾਰੀ ਮੀਂਹ ਕਾਰਨ ਸਰਹਿੰਦ ਨਹਿਰ ਦੇ ਪੁਲ ਹੇਠ ਵੱਡੀ ਮਾਤਰਾ ਵਿੱਚ ਫਸੀਆਂ ਝਾੜੀਆਂ ਨੇ ਅੱਜ ਨਹਿਰੀ ਵਿਭਾਗ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ, ਕਿਉਂਕਿ ਇਨ੍ਹਾਂ ਝਾੜੀਆਂ ਕਾਰਨ ਪੁਲ ਦੇ ਹੇਠੋਂ ਪਾਣੀ ਦਾ ਲਾਂਘਾ ਸੁਸਤ ਹੋ ਗਿਆ ਅਤੇ ਨਹਿਰ ਵਿੱਚ ਪਾਣੀ ਇਕੱਠਾ ਹੋਣ ਕਾਰਨ ਨਹਿਰ ਦੇ ਟੁੱਟਣ ਦਾ ਡਰ ਵੀ ਪੈਦਾ ਹੋ ਗਿਆ। ਨਹਿਰੀ ਵਿਭਾਗ ਦੇ ਕਰਮਚਾਰੀ ਬਾਸਾਂ ਤੇ ਡੰਡਿਆਂ ਸਮੇਤ ਤਿੰਨ ਜੇਸੀਬੀ ਮਸ਼ੀਨਾਂ ਦੀ ਸਹਾਇਤਾ ਨਾਲ ਪਾਣੀ ਦੀਆਂ ਰੋਕਾਂ ਦੂਰ ਕਰਦੇ ਰਹੇ, ਪਰ ਪਾਣੀ ਵਿੱਚ ਹੋਰ ਝਾੜੀਆਂ ਪਿੱਛੋਂ ਆ ਕੇ ਫਸਦੀਆਂ ਰਹੀਆਂ। ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪਹਾੜੀ ਇਲਾਕੇ ਵਿੱਚ ਬੀਤੇ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਨਹਿਰ ਵਿੱਚ ਹੜ੍ਹ ਕੇ ਆਈਆਂ ਵੱਡੀਆਂ-ਵੱਡੀਆਂ ਝਾੜੀਆਂ ਤੇ ਘਾਹ ਫੂਸ ਚਮਕੌਰ ਸਾਹਿਬ ਨਹਿਰ ਦੇ ਪੁਲ ਹੇਠ ਬਣੇ ਬੀਮਾਂ ਵਿੱਚ ਆ ਕੇ ਫਸ ਗਏ ਅਤੇ ਕਰੀਬ 1000 ਮੀਟਰ ਤੱਕ ਇਹ ਝਾੜੀਆਂ ਰਾਤੋ-ਰਾਤ ਆ ਕੇ ਫਸ ਗਈਆਂ, ਜਿਸ ਕਾਰਨ ਪਾਣੀ ਦੇ ਵਹਾਅ ਵਿੱਚ ਰੁਕਾਵਟ ਪੈਦਾ ਹੋ ਗਈ। ਨਹਿਰ ਵਿੱਚੋਂ ਝਾੜੀਆਂ ਕੱਢਣ ਸਮੇਂ ਤੱਕ ਪੁਲ ’ਤੇ ਆਵਾਜਾਈ ਪੂਰਨ ਤੌਰ ’ਤੇ ਬੰਦ ਰਹੀ, ਜਿਸ ਕਾਰਨ ਲੋਕਾਂ ਨੂੰ ਬਦਲਵੇਂ ਰਸਤਿਆਂ ਰਾਹੀਂ ਆਪਣੀ ਮੰਜ਼ਿਲ ਵੱਲ ਜਾਣਾ ਪਿਆ। ਖ਼ਬਰ ਲਿਖੇ ਜਾਣ ਤੱਕ ਝਾੜੀਆਂ ਕੱਢਣ ਦਾ ਕੰਮ ਜਾਰੀ ਸੀ। ਵਿਭਾਗ ਦੇ ਐੱਸਡੀਓ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਵਿਭਾਗੀ ਅਮਲਾ ਬੁਲਾ ਕੇ ਤਿੰਨ ਜੇਸੀਬੀ ਮਸ਼ੀਨਾਂ ਸਮੇਤ ਕੁਝ ਪ੍ਰਾਈਵੇਟ ਲੇਬਰ ਦੇ ਬੰਦਿਆਂ ਦੀ ਸਹਾਇਤਾ ਨਾਲ ਝਾੜੀਆਂ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਪਰ ਇਨ੍ਹਾਂ ਝਾੜੀਆਂ ਨੂੰ ਬਾਹਰ ਕੱਢਣ ਲਈ ਦੋ ਦਿਨ ਲੱਗ ਸਕਦੇ ਹਨ।