ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਨਵੰਬਰ
ਪੰਜਾਬ ਸਰਕਾਰ ਦੇ ਰੱਖਿਆ ਭਲਾਈ ਵਿਭਾਗ ਵੱਲੋਂ ਸਾਬਕਾ ਸੈਨਿਕਾਂ ਤੇ ਵਿਧਵਾਵਾਂ ਲਈ ਆਪਣੇ ਜੀਵਨ ਪ੍ਰਮਾਣ ਪੱਤਰ (ਲਾਈਵ ਸਰਟੀਫਿਕੇਟ) ਅਪਲੋਡ ਕਰਨ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਰੱਖਿਆ ਭਲਾਈ ਵਿਭਾਗ ਪੰਜਾਬ ਵਿੱਚ ਰਹਿ ਰਹੇ ਸਾਬਕਾ ਸੈਨਿਕਾਂ, ਵਿਧਵਾਵਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਯਤਨਸ਼ੀਲ ਹੈ। ਇਸ ਸਮੇਂ ਪੰਜਾਬ ਵਿੱਚ ਕੁੱਲ 4,33,000 ਸਾਬਕਾ ਸੈਨਿਕ ਅਤੇ ਵਿਧਵਾਵਾਂ ਹਨ। ਹਾਲ ਹੀ ’ਚ ਸਾਬਕਾ ਸੈਨਿਕਾਂ ਅਤੇ ਵਿਧਵਾਵਾਂ ਦੀ ਪੈਨਸ਼ਨ ‘ਸਪਰਸ਼’ ਪ੍ਰਣਾਲੀ ਰਾਹੀਂ ਦਿੱਤੀ ਜਾਣ ਲੱਗੀ ਹੈ। ਇਨ੍ਹਾਂ ਸਾਰੇ ਪੈਨਸ਼ਨਰਾਂ ਨੂੰ ਨਵੰਬਰ ਵਿੱਚ ਸਪਰਸ਼ ’ਤੇ ਲਾਈਵ ਸਰਟੀਫਿਕੇਟ ਅਪਲੋਡ ਕਰਨੇ ਹੁੰਦੇ ਹਨ ਤਾਂ ਕਿ ਉਨ੍ਹਾਂ ਦੀ ਪੈਨਸ਼ਨ ਜਾਰੀ ਰਹੇ। ਪੈਨਸ਼ਨਰਾਂ ਦੀ ਸਹੂਲਤ ਲਈ ਜ਼ਿਲ੍ਹਾ ਰੱਖਿਆ ਸੇਵਾਵਾਂ ਦਫਤਰਾਂ ’ਚ 11 ਤੋਂ 22 ਨਵੰਬਰ ਤੱਕ ਕੈਂਪ ਲਗਾਏ ਜਾ ਰਹੇ ਹਨ।