ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ(ਮੁਹਾਲੀ), 19 ਮਈ
ਲੋਕ ਸਭਾ ਚੋਣਾਂ ਵਿੱਚ ਸਮੁੱਚੀਆਂ ਪਾਰਟੀਆਂ ਦੇ ਜ਼ਿਆਦਾਤਰ ਉਮੀਦਵਾਰਾਂ ਨੂੰ ਲੋਕਾਂ ਵੱਲੋਂ ਚੋਣ ਫ਼ੰਡ ਦੇ ਲਿਫ਼ਾਫਿਆਂ ਦੀ ਤੋਟ ਸਤਾ ਰਹੀ ਹੈ। ਉਮੀਦਵਾਰਾਂ ਨੂੰ ਲੱਡੂਆਂ ਤੇ ਸਿੱਕਿਆਂ ਨਾਲ ਤੋਲ-ਤੁਲਾਈ ਕਰਨ ਦਾ ਵਰਤਾਰਾ ਵੀ ਨਾਮਾਤਰ ਰਹਿ ਗਿਆ ਹੈ। ਹੋਰ ਤਾਂ ਹੋਰ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਚੋਣ ਪ੍ਰਚਾਰ ਦੌਰਾਨ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਵੀ ਪੱਲਿਉਂ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਹੁਣ ਲੋਕਾਂ ਵੱਲੋਂ ਉਮੀਦਵਾਰਾਂ ਨੂੰ ਫ਼ੰਡ ਦੇਣ ਦੀ ਪਿਰਤ ਬਿਲਕੁੱਲ ਘਟ ਗਈ ਹੈ। ਪਹਿਲਾਂ ਹਰ ਚੋਣ ਸਮੇਂ ਤਕਰੀਬਨ ਹਰ ਪਿੰਡ ਵਿੱਚ ਪਾਰਟੀ ਅਤੇ ਉਮੀਦਵਾਰਾਂ ਦੇ ਸਥਾਨਕ ਸਮਰਥਕ ਆਪਣੇ ਵਿੱਤ ਅਨੁਸਾਰ ਪਿੰਡ ਵਿੱਚੋਂ ਮਾਇਆ ਇਕੱਤਰ ਕਰਕੇ ਕੁੱਝ ਨਾ ਕੁੱਝ ਰਾਸ਼ੀ ਵਾਲਾ ਲਿਫ਼ਾਫਾ ਪਿੰਡ ਆਏ ਹਰ ਪਾਰਟੀ ਦੇ ਉਮੀਦਵਾਰ ਨੂੰ ਭੇਟ ਕਰਦੇ ਸਨ।
ਇਸੇ ਤਰ੍ਹਾਂ ਤਕਰੀਬਨ ਹਰ ਪਿੰਡ ਵਿੱਚ ਆਪੋ ਆਪਣੇ ਉਮੀਦਵਾਰ ਨੂੰ ਸਿੱਕਿਆਂ ਅਤੇ ਲੱਡੂਆਂ ਨਾਲ ਤੋਲੇ ਜਾਣਾ ਆਮ ਗੱਲ ਸੀ। ਇੱਕ-ਇੱਕ ਉਮੀਦਵਾਰ ਕਈ ਵਾਰ ਰੋਜ਼ਾਨਾ ਦਰਜਨ ਵਾਰ ਤੱਕੜੀ ਵਿੱਚ ਤੁਲਦਾ ਸੀ। ਸਿੱਕੇ ਉਮੀਦਵਾਰ ਦੀ ਗੱਡੀ ਵਿੱਚ ਰੱਖੇ ਹੁੰਦੇ ਸਨ ਤੇ ਪਿੰਡ ਵਾਸੀ ਉਸ ਦੇ ਬਰਾਬਰ ਦਾ ਫੰਡ ਉਮੀਦਵਾਰ ਨੂੰ ਦੇ ਦਿੰਦੇ ਸਨ। ਲੱਡੂਆਂ ਨਾਲ ਤੋਲੇ ਜਾਣ ਸਮੇਂ ਲੱਡੂ ਮੌਕੇ ’ਤੇ ਹਾਜ਼ਰ ਲੋਕਾਂ ਨੂੰ ਵੰਡ ਦਿੱਤੇ ਜਾਂਦੇ ਸਨ। ਚੋਣ ਪ੍ਰਚਾਰ ਦੌਰਾਨ ਜਿੱਥੇ ਵੀ ਦੁਪਹਿਰ ਦਾ ਸਮਾਂ ਹੁੰਦਾ ਸੀ, ਸਬੰਧਿਤ ਪਿੰਡਾਂ ਵਾਲੇ ਉਮੀਦਵਾਰਾਂ ਤੇ ਉਨ੍ਹਾਂ ਦੇ ਨਾਲ ਆਏ ਕਾਫ਼ਲੇ ਲਈ ਖਾਣੇ ਦਾ ਪ੍ਰਬੰਧ ਵੀ ਕਰਦੇ ਸਨ। ਹੁਣ ਇਹ ਸਾਰਾ ਕੁੱਝ ਚੋਣ ਦ੍ਰਿਸ਼ ’ਚੋਂ ਗਾਇਬ ਹੋ ਗਿਆ ਹੈ। ਉਮੀਦਵਾਰਾਂ ਨੂੰ ਆਪਣੇ ਪੱਲਿਉਂ ਹੀ ਸਾਰਾ ਖ਼ਰਚਾ ਕਰਨਾ ਪੈ ਰਿਹਾ ਹੈ। ਜਿੱਥੇ ਉਮੀਦਵਾਰ ਨਹੀਂ ਖਰਚ ਰਿਹਾ, ਉੱਥੇ ਉਸ ਦੀ ਪਾਰਟੀ ਦੇ ਵਿਧਾਨ ਸਭਾ ਹਲਕਿਆਂ ਦੇ ਵਿਧਾਇਕ ਜਾਂ ਹਲਕਾ ਇੰਚਾਰਜਾਂ ਵੱਲੋਂ ਇਹ ਸਾਰਾ ਖਰਚਾ ਚੁੱਕਿਆ ਜਾ ਰਿਹਾ ਹੈ। ਫ਼ੰਡਾਂ ਦੇ ਲਿਫ਼ਾਫੇ ਦੇਣ ਅਤੇ ਤੋਲ ਤੁਲਾਈ ਦੀ ਬੰਦ ਹੋ ਰਹੀ ਪਿਰਤ ਬਾਰੇ ਪੇਂਡੂਆਂ ਦੀ ਦਲੀਲ ਹੈ ਕਿ ਹੁਣ ਰਾਜਨੀਤੀ ਵਿੱਚ ਸੇਵਾ ਘੱਟ ਤੇ ਮੇਵਾ ਵੱਧ ਹੈ, ਦੂਜਾ ਮਹਿੰਗਾਈ ਦੀ ਮਾਰ ਕਾਰਨ ਆਪਣੇ ਪਰਿਵਾਰਾਂ ਦੇ ਖਰਚੇ ਚਲਾਉਣੇ ਔਖੇ ਹੋਏ ਪਏ ਹਨ ਤੇ ਤੀਜਾ ਉਮੀਦਵਾਰਾਂ ਤੇ ਪਾਰਟੀਆਂ ਦੀ ਗਿਣਤੀ ਬਹੁਤ ਵਧ ਗਈ ਹੈ।