ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਅਗਸਤ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਓਲੰਪਿਕ ਤਗ਼ਮਾ ਜੇਤੂਆਂ ਦੀ ਪਿੱਠ ਥਾਪੜਦਿਆਂ ਐਲਾਨ ਕੀਤਾ ਕਿ ਪੰਜਾਬ ਸਰਕਾਰ ਮੈਡਲ ਜੇਤੂਆਂ ਨੂੰ ਨੌਕਰੀਆਂ ਦੇਣ ਲਈ ਜਲਦੀ ਹੀ ਰੂਪ-ਰੇਖਾ ਤਿਆਰ ਕਰੇਗੀ। ਉਨ੍ਹਾਂ ਮੁੱਖ ਸਕੱਤਰ ਨੂੰ ਇਹ ਮਾਮਲਾ ਤਰਜੀਹ ਦੇ ਆਧਾਰ ’ਤੇ ਵਿਚਾਰਨ ਲਈ ਕਿਹਾ। ਇੱਥੇ ਪੰਜਾਬ ਭਵਨ ਵਿੱਚ ਓਲੰਪਿਕ ਤਗ਼ਮਾ ਜੇਤੂਆਂ ਅਤੇ ਇਸ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ 28.36 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ।
ਮੁੱਖ ਮੰਤਰੀ ਅਤੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੇ ਨਕਦ ਇਨਾਮੀ ਰਾਸ਼ੀ ਤਗ਼ਮਾ ਜੇਤੂਆਂ ਅਤੇ ਹਿੱਸਾ ਲੈਣ ਵਾਲਿਆਂ ਦੇ ਖਾਤਿਆਂ ਵਿੱਚ ਆਨਲਾਈਨ ਟਰਾਂਸਫਰ ਕੀਤੀ। ਮਹਿਲਾ ਹਾਕੀ ਖਿਡਾਰੀਆਂ ਨੇ ਮੁੱਖ ਮੰਤਰੀ ਨੂੰ ਆਪਣੇ ਸਮੁੱਚੀ ਟੀਮ ਮੈਂਬਰਾਂ ਦੇ ਦਸਤਖ਼ਤਾਂ ਵਾਲੀ ਹਾਕੀ ਭੇਟ ਕੀਤੀ। ਮੁੱਖ ਮੰਤਰੀ ਨੇ ਖਿਡਾਰੀਆਂ ਦੇ ਨਾਂ ’ਤੇ ਸਕੂਲਾਂ ਅਤੇ ਉਨ੍ਹਾਂ ਦੇ ਜੱਦੀ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਦਾ ਨਾਂ ਰੱਖਣ ਦਾ ਐਲਾਨ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਪੁਰਸ਼ ਹਾਕੀ ਦੇ ਕਪਤਾਨ ਮਨਪ੍ਰੀਤ ਸਿੰਘ ਨੂੰ ਪੰਜਾਬ ਪੁਲੀਸ ਵਿੱਚ ਡੀਐਸਪੀ ਤੋਂ ਐਸਪੀ ਵਜੋਂ ਤਰੱਕੀ ਦਿੱਤੀ। ਉਨ੍ਹਾਂ ਕਿਹਾ ਕਿ ਗੋਲਡ ਮੈਡਲ ਜੇਤੂ ਜੈਵਲਿਨ ਥਰੋਅਰ ਨੀਰਜ ਚੋਪੜਾ ਨੂੰ ਵੀ ਸਨਮਾਨਿਤ ਕਰੇਗੀ ਜੋ ਅੱਜ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕੇ। ਰਾਜਪਾਲ ਨੇ ਇੱਛੁਕ ਖਿਡਾਰੀਆਂ ਨੂੰ ਚੰਡੀਗੜ੍ਹ ਪੁਲੀਸ ਵਿੱਚ ਭਰਤੀ ਹੋਣ ਦੀ ਪੇਸ਼ਕਸ਼ ਵੀ ਕੀਤੀ। ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਸੁਰਜੀਤ ਹਾਕੀ ਅਕੈਡਮੀ ਦੀਆਂ ਲੀਹਾਂ ਉੱਤੇ ਮਹਿਲਾ ਹਾਕੀ ਅਕੈਡਮੀ ਸਥਾਪਤ ਕਰੇਗੀ। ਇਸ ਮੌਕੇ ਕਾਂਸੀ ਤਗ਼ਮਾ ਜੇਤੂ 10 ਪੁਰਸ਼ ਹਾਕੀ ਖਿਡਾਰੀਆਂ ਨੂੰ 2.51-2.51 ਕਰੋੜ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਭਾਰਤੀ ਮਹਿਲਾ ਹਾਕੀ ਟੀਮ ਦੀਆਂ 2 ਖਿਡਾਰਨਾਂ, ਭਾਰਤੀ ਪੁਰਸ਼ ਹਾਕੀ ਖਿਡਾਰੀ (ਭਾਗੀਦਾਰ) ਅਤੇ ਇੱਕ ਫਾਈਨਲਿਸਟ ਅਥਲੀਟ ਨੂੰ 50-50 ਲੱਖ ਰੁਪਏ ਅਤੇ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਛੇ ਖਿਡਾਰੀਆਂ ਨੂੰ 21-21 ਲੱਖ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ।