ਡੀਪੀਐਸ ਬੱਤਰਾ
ਸਮਰਾਲਾ, 7 ਨਵੰਬਰ
ਪਿੰਡ ਬਰਵਾਲੀ ਕਲਾਂ ’ਚ ਵਿਆਹ ਸਮਾਗਮ ਦੀਆਂ ਤਿਆਰੀਆਂ ’ਚ ਰੁੱਝੇ ਪਰਿਵਾਰ ਦੇ ਚਾਅ ਉਸ ਵਕਤ ਮਾਤਮ ਵਿੱਚ ਬਦਲ ਗਏ ਜਦੋਂ ਉਸ ਘਰ ਦੀ ਮਾਸੂਮ ਦੋਹਤੀ ਸੜਕ ਹਾਦਸੇ ’ਚ ਦਮ ਤੋੜ ਗਈ ਅਤੇ ਉਸ ਦੇ ਮਾਤਾ-ਪਿਤਾ ਤੇ ਨਾਨੀ ਸਣੇ ਤਿੰਨ ਜਣੇ ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਥਾਣਾ ਸਮਰਾਲਾ ਦੇ ਤਫ਼ਤੀਸ਼ੀ ਅਫ਼ਸਰ ਅਵਤਾਰ ਚੰਦ ਅਨੁਸਾਰ ਪਿੰਡ ਬਰਵਾਲੀ ਕਲਾਂ ਦੇ ਇੱਕ ਪਰਿਵਾਰ ਵਿੱਚ ਲੜਕੇ ਦਾ ਵਿਆਹ 22 ਨਵੰਬਰ ਨੂੰ ਹੋਣਾ ਹੈ ਜਿਸ ਲਈ ਲੜਕੇ ਦੀ ਭੈਣ ਸੰਦੀਪ ਕੌਰ, ਜੀਜਾ ਹਰਦੀਪ ਸਿੰਘ ਤੇ ਭਾਣਜੀ ਅਮਾਨਤ ਕੌਰ ਆਪਣੇ ਪਿੰਡ ਲੋਹਾਰਮਾਜਰੇ ਤੋਂ ਇੱਥੇ ਪੁੱਜੇ ਹੋਏ ਸਨ। ਵਿਆਹ ਦੀ ਖਰੀਦਦਾਰੀ ਲਈ ਜਦੋਂ ਇਹ ਪਰਿਵਾਰ ਸਮਰਾਲਾ ਤੋਂ ਕਾਰ ਰਾਹੀਂ ਵਾਪਸ ਆਪਣੇ ਪਿੰਡ ਵੱਲ ਜਾ ਰਿਹਾ ਸੀ ਤਾਂ ਪਿੰਡ ਸਰਵਰਪੁਰ ਦੇ ਰਜਵਾਹੇ ਕੋਲ ਲਾਵਾਰਸ ਪਸ਼ੂ ਅੱਗੇ ਆਉਣ ’ਤੇ ਤਵਾਜ਼ਨ ਵਿਗੜਨ ਕਾਰਨ ਉਨ੍ਹਾਂ ਦੀ ਕਾਰ ਦਰੱਖਤ ਨਾਲ ਟਕਰਾ ਗਈ। ਹਾਦਸੇ ’ਚ 25 ਦਿਨਾਂ ਦੀ ਮਾਸੂਮ ਬੱਚੀ ਅਮਾਨਤ ਕੌਰ ਦੀ ਮੌਤ ਹੋ ਗਈ ਜਦਕਿ ਮ੍ਰਿਤਕਾ ਦੇ ਮਾਤਾ ਪਿਤਾ ਅਤੇ ਨਾਨੀ ਸਰਬਜੀਤ ਕੌਰ ਗੰਭੀਰ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੋਂ ਗੰਭੀਰ ਹਾਲਤ ਦੇਖਦੇ ਹੋਏ ਦੋਨਾਂ ਔਰਤਾਂ ਨੂੰ ਚੰਡੀਗੜ੍ਹ ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ।
ਬੇਕਾਬੂ ਬੱਸ ਰੁੱਖ ਨਾਲ ਟਕਰਾਈ; ਅੱਧੀ ਦਰਜਨ ਤੋਂ ਵੱਧ ਸਵਾਰੀਆਂ ਜ਼ਖਮੀ
ਰਾਮਾਂ ਮੰਡੀ (ਹੁਸ਼ਿਆਰ ਸਿੰਘ ਘਟੌੜਾ): ਸਥਾਨਕ ਤਲਵੰਡੀ ਰੋਡ ’ਤੇ ਜੱਜਲ ਪਿੰਡ ਨੇੜੇ ਅੱਜ ਸ਼ਾਮ ਇੱਕ ਨਿੱਜੀ ਕੰਪਨੀ ਦੀ ਬੱਸ ਬੇਕਾਬੂ ਹੋ ਕੇ ਸੜਕ ਕਿਨਾਰੇ ਇੱਕ ਰੁੱਖ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਅੱਧੀ ਦਰਜਨ ਤੋਂ ਵੱਧ ਸਵਾਰੀਆਂ ਜ਼ਖ਼ਮੀ ਹੋ ਗਈਆਂ। ਜ਼ਖਮੀਆਂ ਨੂੰ ਇਲਾਜ ਲਈ ਹੈਲਪਲਾਈਨ ਵੈੱਲਫੇਅਰ ਸੁਸਾਇਟੀ ਦੇ ਵਾਲੰਟੀਅਰਾਂ ਨੇ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਤਲਵੰਡੀ ਸਾਬੋ ਵਿੱਚ ਦਾਖਲ ਕਰਾਇਆ ਹੈ। ਸਾਰੇ ਜ਼ਖਮੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਸ ਦੌਰਾਨ ਸਵਾਰੀਆਂ ਨੇ ਬੱਸ ਡਰਾਈਵਰ ਨੂੰ ਬੰਨ੍ਹ ਕੇ ਉਸ ਦੀ ਕੁੱਟਮਾਰ ਕੀਤੀ ਜਦਕਿ ਰਾਮਾਂ ਥਾਣੇ ਦੀ ਪੁਲੀਸ ਅਤੇ ਤਲਵੰਡੀ ਸਾਬੋ ਥਾਣੇ ਦੇ ਡੀਐੱਸਪੀ ਨੇ ਮੌਕੇ ’ਤੇ ਪਹੁੰਚ ਕੇ ਡਰਾਈਵਰ ਨੂੰ ਲੋਕਾਂ ਤੋਂ ਛੁਡਵਾਇਆ।