ਜਗਮੋਹਨ ਸਿੰਘ
ਰੂਪਨਗਰ, 21 ਜੁਲਾਈ
ਸਰਕਾਰੀ ਕਾਲਜ ਰੂਪਨਗਰ ਵਿੱਚ ਵਿਦਿਆਰਥੀਆਂ ਦੀ ਜਾਨ ਦਾ ਖੌਅ ਬਣਨ ਦੇ ਇੰਤਜ਼ਾਰ ਵਿੱਚ ਖੜ੍ਹੇ ਸੁੱਕੇ ਦਰੱਖ਼ਤਾਂ ਸਬੰਧੀ ਪੰਜਾਬੀ ਟ੍ਰਿਬਿਊਨ ਵਿੱਚ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਵਣ ਵਿਭਾਗ ਰੂਪਨਗਰ ਹਰਕਤ ਵਿੱਚ ਆ ਗਿਆ ਹੈ। ਜ਼ਿਲ੍ਹਾ ਜੰਗਲਾਤ ਅਫ਼ਸਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਬਲਾਕ ਅਫਸਰ ਰੂਪਨਗਰ ਬਲਵਿੰਦਰ ਸਿੰਘ ਅਤੇ ਵਣ ਗਾਰਡ ਨਰਿੰਦਰ ਸਿੰਘ ਨੇ ਸਰਕਾਰੀ ਕਾਲਜ ਰੂਪਨਗਰ ਪੁੱਜ ਕੇ ਸੁੱਕੇ ਰੁੱਖਾਂ ਦਾ ਮੁਆਇਨਾ ਕੀਤਾ ਅਤੇ ਵਣ ਵਿਭਾਗ ਵੱਲੋਂ ਜਲਦੀ ਤੋਂ ਜਲਦੀ ਆਪਣੀ ਰਿਪੋਰਟ ਤਿਆਰ ਕਰਕੇ ਕਾਲਜ ਪ੍ਰਸ਼ਾਸਨ ਦੇ ਸਪੁਰਦ ਕਰ ਦਿੱਤੀ ਜਾਵੇਗੀ ਤਾਂ ਕਿ ਉਕਤ ਦਰੱਖਤਾਂ ਨੂੰ ਜਲਦੀ ਕੱਟਿਆ ਜਾ ਸਕੇ। ਵਣ ਵਿਭਾਗ ਦੀ ਟੀਮ ਵੱਲੋਂ ਦੌਰਾ ਕੀਤੇ ਜਾਣ ਸਮੇਂ ਪ੍ਰੋ. ਨਿਰਮਲ ਸਿੰਘ ਬਰਾੜ ਨੇ ਕਾਲਜ ਵਿੱਚ ਖੜ੍ਹੇ ਸੁੱਕੇ ਰੁੱਖ ਵਿਖਾਉਂਦਿਆਂ ਹੋਇਆਂ ਜਲਦੀ ਰਿਪੋਰਟ ਤਿਆਰ ਕਰਨ ਦੀ ਤਾਕੀਦ ਕੀਤੀ।