ਜਗਜੀਤ ਸਿੰਘ
ਮੁਕੇਰੀਆਂ, 20 ਜੁਲਾਈ
ਸਰਕਾਰ ਅਤੇ ਪ੍ਰਸ਼ਾਸਨ ਦੇ ਨਾਜਾਇਜ਼ ਖਣਨ ਮੁਕੰਮਲ ਬੰਦ ਹੋਣ ਦੇ ਦਾਅਵਿਆਂ ਦੇ ਉਲਟ ਸਬ ਡਿਵੀਜ਼ਨ ਦੇ ਪਿੰਡ ਚੰਗੜਵਾਂ ਦੇ ਕਰੀਬ ਅੱਧੀ ਦਰਜਨ ਅਤੇ ਦਸੂਹਾ ਦੇ ਇੱਕ ਵਸਨੀਕ ਨੇ ਪੌਂਗ ਡੈਮ ਨੇੜੇ ਬਿਆਸ ਦਰਿਆ ਵਿੱਚ ਲੱਗੇ ਕਰੱਸ਼ਰ ਵੱਲੋਂ ਉਨ੍ਹਾਂ ਦੀ ਮਾਲਕੀ ਵਾਲੀ 728 ਕਨਾਲ ਜ਼ਮੀਨ ’ਤੇ ਧੱਕੇ ਨਾਲ ਖੁਦਾਈ ਕਰਨ ਦੀ ਸ਼ਿਕਾਇਤ ਮੁੱਖ ਮੰਤਰੀ ਅਤੇ ਮਾਈਨਿੰਗ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਸ਼ਿਕਾਇਤ ਕੀਤੀ ਹੈ। ਸ਼ਿਕਾਇਤ ਦੀ ਜਾਂਚ ਲਈ ਪੁੱਜੇ ਐਕਸੀਅਨ ਅਤੇ ਐੱਸਡੀਓ ਮਾਈਨਿੰਗ ਨੇ ਇਹ ਜ਼ਿੰਮੇਵਾਰੀ ਦੋ ਜੂਨੀਅਰ ਇੰਜਨੀਅਰਾਂ ਨੂੰ ਸੌਂਪ ਕੇ ਕਾਰਵਾਈ ਪੂਰੀ ਕਰ ਲਈ ਹੈ, ਜਦਕਿ ਪਿੰਡ ਵਾਲੇ ਜੇਈਜ਼ ਖ਼ਿਲਾਫ਼ ਮਿਲੀਭੁਗਤ ਦੇ ਦੋਸ਼ ਲਗਾ ਰਹੇ ਹਨ।
ਪਿੰਡ ਚੰਗੜਵਾਂ ਦੇ ਵਸਨੀਕ ਸਰੂਪ ਸਿੰਘ, ਬਖਸ਼ੀਸ ਸਿੰਘ, ਮਹਿੰਦਰ ਸਿੰਘ, ਮੋਹਨ ਸਿੰਘ ਅਤੇ ਪ੍ਰੇਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮਾਲਕੀ ਵਾਲੀ 350 ਕਨਾਲ ਜ਼ਮੀਨ ’ਤੇ ਜਲੰਧਰ ਦੇ ਇੱਕ ਕਰੱਸ਼ਰ ਮਾਲਕ ਅਤੇ ਤਲਵਾੜਾ ਵਿਚਲੇ ਉਸ ਦੇ ਭਾਈਵਾਲ ਵੱਲੋਂ ਪੌਂਗ ਡੈਮ ਥੱਲੇ ਸ਼ਾਹ ਨਹਿਰ ਦੇ 52 ਗੇਟਾਂ ਦੇ ਮੁਹਾਣੇ ਕੋਲ ਲਗਾਏ ਗਏ ਨਾਜਾਇਜ਼ ਕਰੱਸ਼ਰ ਰਾਹੀਂ ਖੁਦਾਈ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਦਸੂਹਾ ਦੇ ਵਸਨੀਕ ਅਮਿਤ ਡਡਵਾਲ ਦੱਸਿਆ ਕਿ ਉਸ ਦੀ ਮਾਲਕੀ ਵਾਲੀ ਕਰੀਬ 379 ਕਨਾਲ ਜ਼ਮੀਨ ’ਤੇ ਕਰੱਸ਼ਰ ਮਾਲਕ ਧੱਕੇ ਨਾਲ ਪਿਛਲੇ ਲੰਬੇ ਸਮੇਂ ਤੋਂ ਖੁਦਾਈ ਕਰ ਰਹੇ ਹਨ। ਵਿਰੋਧ ਕਰਨ ’ਤੇ ਕਰੱਸ਼ਰ ਮਾਲਕ ਉਸ ਨੂੰ ਧਮਕਾ ਕੇ ਭਜਾ ਦਿੰਦਾ ਹੈ। ਅਮਿਤ ਨੇ ਦੱਸਿਆ ਕਿ ਉਸ ਨੇ ਕਰੀਬ ਡੇਢ ਮਹੀਨਾ ਪਹਿਲਾਂ ਐੱਸਡੀਐੱਮ ਮੁਕੇਰੀਆਂ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਦੋਸ਼ ਲਗਾਇਆ ਕਿ ਅਧਿਕਾਰੀ ਇਹ ਕਰੱਸ਼ਰ ਹਿਮਾਚਲ ਪ੍ਰਦੇਸ਼ ਵਿੱਚ ਲੱਗਿਆ ਹੋਣ ਦਾ ਆਖ ਕੇ ਪੱਲਾ ਝਾੜ ਰਹੇ ਹਨ, ਜਦੋਂ ਕਿ ਕਰੱਸ਼ਰ ਪੰਜਾਬ ਵਿਚਲੀ ਉਨ੍ਹਾਂ ਦੀ ਜ਼ਮੀਨ ਨੇੜੇ ਤਲਵਾੜਾ ਦੇ ਹੱਦਬਸਤ ਨੰਬਰ 604 ਦੇ ਖਸਰਾ ਨੰਬਰ 1 ਵਿੱਚ ਲੱਗਿਆ ਹੋਇਆ ਹੈ।
ਕਰੱਸ਼ਰ ਮਾਲਕ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ: ਐੱਸਡੀਓ
ਐੱਸਡੀਓ ਮਾਈਨਿੰਗ ਰਾਜ ਕੁਮਾਰ ਨੇ ਕਿਹਾ ਕਿ ਐਕਸੀਅਨ ਸਰਤਾਜ ਸਿੰਘ ਰੰਧਾਵਾ ਨਾਲ ਸ਼ਿਕਾਇਤ ਦੀ ਜਾਂਚ ਲਈ ਉਹ ਮੌਕੇ ’ਤੇ ਪੁੱਜੇ ਪਰ ਕਰੱਸ਼ਰ ਵੱਲ ਜਾਂਦੇ ਲਾਂਘੇ ਵਿੱਚ ਪਾਣੀ ਹੋਣ ਕਾਰਨ ਅੱਗੇ ਨਹੀਂ ਜਾ ਸਕੇ, ਜਿਸ ਦੀ ਜਾਂਚ ਲਈ ਦੋ ਜੂਨੀਅਰ ਇੰਜਨੀਅਰਾਂ ਦੀ ਜ਼ਿੰਮੇਵਾਰੀ ਲਗਾਈ ਹੈ। ਉਹ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਮਾਲ ਮਹਿਕਮੇ ਨੂੰ ਮਾਈਨਿੰਗ ਵਾਲੇ ਖੇਤਰ ਦੀ ਨਿਸ਼ਾਨਦੇਹੀ ਅਤੇ ਕਰੱਸ਼ਰ ਦੀ ਸਥਾਪਤੀ ਵਾਲੀ ਮਾਲਕੀ ਪਤਾ ਕਰਨ ਲਈ ਲਿਖ ਰਹੇ ਹਨ ਅਤੇ ਸਥਿਤੀ ਸਪੱਸ਼ਟ ਹੋਣ ਬਾਰੇ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ। ਨਹਿਰੀ ਜ਼ਮੀਨ ’ਤੇ ਕਰੱਸ਼ਰ ਮਾਲਕ ਵੱਲੋਂ ਬਣਾਏ ਗਏ ਡੰਪ, ਜਿਸ ਨੂੰ ਨਹਿਰੀ ਵਿਭਾਗ ਕਬੂਲ ਕਰ ਚੁੱਕਿਆ ਸੀ, ਬਾਰੇ ਉਨ੍ਹਾਂ ਕਿਹਾ ਕਿ ਮਾਈਨਿੰਗ ਦੇ ਜੂਨੀਅਰ ਇੰਜਨੀਅਰ ਨੇ ਉਨ੍ਹਾਂ ਨੂੰ ਨਹਿਰੀ ਜ਼ਮੀਨ ’ਤੇ ਕੋਈ ਡੰਪ ਲੱਗਾ ਹੋਣ ਬਾਰੇ ਕੋਈ ਰਿਪੋਰਟ ਨਹੀਂ ਦਿੱਤੀ ਹੈ। ਸ਼ਿਕਾਇਤ ਦੀ ਜਾਂਚ ਬਾਰੇ ਡੀਸੀ ਹੁਸ਼ਿਆਰਪੁਰ ਅਤੇ ਐੱਸਡੀਐੱਮ ਮੁਕੇਰੀਆਂ ਨੇ ਫੋਨ ਅਤੇ ਲਿਖਤੀ ਭੇਜੇ ਫੋਨ ਸੁਨੇਹੇ ਦਾ ਕੋਈ ਜਵਾਬ ਨਾ ਦਿੱਤਾ।