ਰਣਬੀਰ ਸਿੰਘ ਮਿੰਟੂ
ਚੇਤਨਪੁਰਾ, 8 ਸਤੰਬਰ
ਐੱਸਸੀ ਬਰਾਦਰੀ ਤੇ ਨਗਰ ਪੰਚਾਇਤ ਚੇਤਨਪੁਰਾ ਵਿਚ ਮੜ੍ਹੀਆਂ ਅਤੇ ਸ਼ਾਮਲਾਟ ਜਗ੍ਹਾ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਲੈ ਕੇ ਐੱਸਸੀ ਬਰਾਦਰੀ ਵੱਲੋਂ ਚੇਅਰਮੈਨ ਐੱਸਸੀ ਕਮਿਸ਼ਨ ਨੂੰ ਦਰਖਾਸਤ ਦਿੱਤੀ ਗਈ ਸੀ। ਇਸ ਤਹਿਤ ਐੱਸਸੀ ਕਮਿਸ਼ਨ ਦੇ ਵਾਈਸ ਚੇਅਰਮੈਨ ਦੀਪਕ ਕੁਮਾਰ ਵੇਰਕਾ ਅਤੇ ਰਾਜ ਕੁਮਾਰ ਹੰਸ ਮੈਂਬਰ ਐੱਸਸੀ ਕਮਿਸ਼ਨ ਪੰਜਾਬ ਵੱਲੋਂ ਦੋਵਾਂ ਧਿਰਾਂ ਨਾਲ ਸਾਂਝੀ ਮੀਟਿੰਗ ਕੀਤੀ ਗਈ। ਇਸ ਮੌਕੇ ਦੋਵਾਂ ਧਿਰਾਂ ਦੇ ਪੱਖ ਸੁਣੇ ਗਏ। ਇਸ ਮੌਕੇ ਸ਼ਿਕਾਇਤਕਰਤਾ ਸਰਬਜੀਤ ਸਿੰਘ ਨੇ ਕਿਹਾ ਕਿ ਅਸੀਂ ਮੜ੍ਹੀਆਂ ਵਿੱਚ ਸ਼ੈੱਡ ਬਣਾਉਣ ਲੱਗੇ ਸੀ ਤੇ ਸਰਪੰਚ ਦਲਜੀਤ ਸਿੰਘ ਵੱਲੋਂ ਪੁਲੀਸ ਦੇ ਸਹਿਯੋਗ ਨਾਲ ਰੋਕ ਦਿੱਤਾ ਗਿਆ ਹੈ,ਰਾਤ ਨੂੰ ਕੰਧ ਵੀ ਢਾਹ ਦਿੱਤੀ ਗਈ। ਸਰਪੰਚ ਦਲਜੀਤ ਸਿੰਘ ਨੇ ਕਿਹਾ ਕਿ ਜ਼ਮੀਨ ’ਤੇ ਪਹਿਲਾਂ ਵੀ ਕੇਸ ਚੱਲਦਾ ਰਿਹਾ ਹੈ ਤੇ 1991 ਵਿੱਚ ਇਹ ਕੇਸ ਪੰਚਾਇਤ ਵੱਲੋਂ ਜਿੱਤ ਲਿਆ ਗਿਆ ਸੀ ਤੇ ਅਦਾਲਤ ਵੱਲੋਂ ਇਸ ਜਗ੍ਹਾ ਨੂੰ ਸ਼ਾਮਲਾਟ ਕਿਹਾ ਗਿਆ ਸੀ । ਹੁਣ ਫੇਰ ਦੁਬਾਰਾ ਇਹ ਮਸਲਾ ਡੀਐੱਸਪੀ. ਵਿਪਨ ਕੁਮਾਰ ਕੋਲ ਗਿਆ ਸੀ। ਉਧਰ ਕਮਿਸ਼ਨ ਨੇ ਕਿਹਾ ਡੀਐੱਸਪੀ ਅਜਨਾਲਾ ਫ਼ੈਸਲਾ ਕਰਵਾ ਕੇ 16 ਸਤੰਬਰ ਤਕ ਕਮਿਸ਼ਨ ਨੂੰ ਰਿਪੋਰਟ ਕਰਨ।