ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 19 ਸਤੰਬਰ
ਇੱਥੋਂ ਦੇ ਪਿੰਡ ਬਿਸ਼ਨਪੁਰਾ ਨੇੜੇ ਸੁਨਾਮ-ਪਟਿਆਲਾ ਸੜਕ ’ਤੇ ਹਾਦਸੇ ’ਚ ਮਾਰੇ ਗਏ ਚਾਰ ਮਗਨਰੇਗਾ ਮਜ਼ਦੂਰਾਂ ਲਈ ਇਨਸਾਫ਼ ਮੰਗ ਰਹੀਆਂ ਵੱਖ-ਵੱਖ ਜਥੇਬੰਦੀਆਂ ਨੇ ਪਿੰਡ ਵਾਸੀਆਂ ਨਾਲ ਕਿਸੇ ਤਰ੍ਹਾਂ ਦੇ ਟਕਰਾਅ ਤੋਂ ਬਚਾਅ ਲਈ ਬਿਸ਼ਨਪੁਰਾ ’ਚ ਸੜਕ ’ਤੇ ਦਿੱਤਾ ਜਾ ਰਿਹਾ ਅਣਮਿੱਥੇ ਸਮੇਂ ਦਾ ਧਰਨਾ ਐਕਸ਼ਨ ਕਮੇਟੀ ਦੇ ਫੈਸਲੇ ਮਗਰੋਂ ਸੁਨਾਮ ਸਥਿਤ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਤਬਦੀਲ ਕਰ ਦਿੱਤਾ ਹੈ।
ਅੱਜ ਧਰਨੇ ਦੌਰਾਨ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਆਪਣੇ ਇਲਾਕੇ ’ਚ ਹਾਦਸੇ ’ਚ ਮਾਰੇ ਗਏ ਚਾਰ ਮਗਨਰੇਗਾ ਮਜ਼ਦੂਰਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਦੀ ਬਜਾਏ ਦਿੱਲੀ ’ਚ ਪਾਰਟੀ ਦੇ ਕਨਵੀਨਰ ਨੂੰ ਖੁਸ਼ ਕਰਨ ਅਤੇ ਹਰਿਆਣਾ ’ਚ ਆਪਣੀ ਪਾਰਟੀ ਲਈ ਵੋਟਾਂ ਮੰਗਣ ਵਿਚ ਰੁਝੇ ਹੋਏ ਹਨ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦਾ ਸੰਘਰਸ਼ ਪੀੜਤ ਪਰਿਵਾਰਾਂ ਦੀਆਂ ਮੰਗਾਂ ਮਨਵਾਉਣ ਤੱਕ ਜਾਰੀ ਰਹੇਗਾ। ਭਾਵੇਂ ਪ੍ਰਸ਼ਾਸਨ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਰਹਿੰਦੇ ਦੋ ਮ੍ਰਿਤਕਾਂ ’ਚੋਂ ਹਰਪਾਲ ਸਿੰਘ ਪਾਲਾ ਦੇ ਇਕ ਪਰਿਵਾਰ ਦੇ ਮੈਂਬਰਾਂ ਨੂੰ ਪੋਸਟਮਾਰਟਮ ਕਰਵਾਉਣ ਲਈ ਮਨਾ ਲਿਆ ਸੀ ਅਤੇ ਉਸ ਨੂੰ ਪੁਲੀਸ ਦੀ ਗੱਡੀ ’ਚ ਬਿਠਾ ਕੇ ਸਿਵਲ ਹਸਪਤਾਲ ਲੈ ਗਏ। ਪ੍ਰਸ਼ਾਸਨ ਨੇ ਪਰਿਵਾਰ ਨੂੰ ਮੁਆਵਜ਼ੇ ਦਾ ਚੈੱਕ ਵੀ ਦੇ ਦਿੱਤਾ ਸੀ ਪਰ ਇਹ ਵਿਅਕਤੀ ਸਿਵਲ ਹਸਪਤਾਲ ’ਚ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਝਕਾਨੀ ਦਿੰਦੇ ਹੋਏ ਜਥੇਬੰਦੀਆਂ ਦੇ ਦਬਾਅ ਹੇਠ ਚੈੱਕ ਸੁੱਟ ਕੇ ਮੁੜ ਧਰਨੇ ’ਚ ਬੈਠ ਗਿਆ। ਇਸ ਮੌਕੇ ਕਿਸਾਨ ਆਗੂ ਦਰਬਾਰਾ ਸਿੰਘ ਛਾਜਲਾ, ਜਸਵੰਤ ਸਿੰਘ ਤੋਲਾਵਾਲ, ਪਰਵਿੰਦਰ ਸਿੰਘ ਗੋਰਾ ਚੱਠੇ ਨਨਹੇੜਾ, ਕਾਮਰੇਡ ਵਰਿੰਦਰ ਕੌਸ਼ਿਕ ਮੌਜੂਦ ਸਨ।