ਰਵੇਲ ਸਿੰਘ ਭਿੰਡਰ
ਪਟਿਆਲਾ, 7 ਅਗਸਤ
ਨੇੜਲੇ ਪਿੰਡ ਕਲਿਆਣ ਦੇ ਗੁਰਦੁਆਰਾ ਸ੍ਰੀ ਅਰਦਾਸ ਪੁਰਾ ਸਾਹਿਬ ਤੋਂ ਕਈ ਹਫਤੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਸਫਰੀ ਸਰੂਪ ਗੁੰਮ ਹੋਣ ਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਸਐਸਪੀ ਦਫ਼ਤਰ ਪਟਿਆਲਾ ਸਾਹਮਣੇ ਰੋਸ ਧਰਨਾ ਦਿੱਤਾ ਜਾ ਰਿਹਾ ਹੈ, ਜਿਸ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਰ ਰਹੇ ਹਨ। ਇਸ ਮੌਕੇ ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਜਦੋਂ ਤੱਕ ਗੁਰੂ ਗ੍ਰੰਥ ਸਾਹਿਬ ਦਾ ਗੁੰਮ ਹੋਇਆ ਸਰੂਪ ਸੰਗਤ ਦੇ ਸਨਮੁਖ ਨਹੀਂ ਹੋ ਜਾਂਦਾ ਅਕਾਲੀ ਦਲ ਸੰਘਰਸ਼ ਜਾਰੀ ਰੱਖੇਗਾ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ’ਚ ਸਿਆਸਤ ਨਹੀਂ ਕਰਨਾ ਚਾਹੁੰਦੇ ਸਗੋਂ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੀ ਬਹਾਲੀ ਲਈ ਹਮੇਸ਼ਾਂ ਤੱਤਪਰ ਰਹਿਣਗੇ। ਅਕਾਲੀ ਦਲ ਪੰਥਕ ਨੁਮਾਇੰਦਾ ਜਥੇਬੰਦੀ ਹੈ ਤੇ ਪੰਥ ਦੇ ਹਰ ਮੁਹਾਜ਼ ਉੱਤੇ ਅੱਗੇ ਹੋ ਕੇ ਲੜੇਗੀ। ਧਰਨੇ ਨੂੰ ਸ਼ੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਚਰਨਜੀਤ ਸਿੰਘ ਅਟਵਾਲ, ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਅੱਤ ਦੀ ਗਰਮੀ ਤੇ ਹੁੰਮਸ ਹੋਣ ਕਾਰਨ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਨੇ ਬੇਚੈਨੀ ਜ਼ਾਹਿਰ ਕੀਤੀ ਤੇ ਉਹ ਮੰਚ ਤੋਂ ਉੱਠ ਕੇ ਚਲੇ ਗਏ। ਖ਼ਬਰ ਲਿਖੇ ਜਾਣ ਤਕ ਅਕਾਲੀ ਦਲ ਦਾ ਧਰਨਾ ਜਾਰੀ ਸੀ।