ਚੰਡੀਗੜ੍ਹ (ਟਨਸ): ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੀਨੀਅਰ ਮੈਂਬਰ ਯੋਗੇਂਦਰ ਯਾਦਵ ਨੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਦੀ ਫੜੋ-ਫੜੀ ਨੂੰ ਗੈਰਜਮਹੂਰੀ ਕਰਾਰ ਦਿੱਤਾ ਹੈ। ਉਨ੍ਹਾਂ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰਿਆਣਾ ਪੁਲੀਸ ਨੇ ਜ਼ਮੀਨੀ ਪੱਧਰ ’ਤੇ ਜੁੜੇ ਕਿਸਾਨ ਆਗੂ ਗ੍ਰਿਫਤਾਰ ਕਰ ਲਏ ਹਨ। ਉਨ੍ਹਾਂ ਹੈਰਾਨੀ ਜ਼ਾਹਿਰ ਕੀਤੀ ਕਿ ਜਦੋਂ ਕਿਸਾਨ ਧਿਰਾਂ ਨੇ ਖੁਦ ਹੀ ਹਰਿਆਣਾ ਸਰਕਾਰ ਨੂੰ ਕਿਸਾਨਾਂ ਦੇ ਇਕੱਠ ਵਾਲੀਆਂ ਥਾਵਾਂ ਬਾਰੇ ਅਗਾਊਂ ਦੱਸ ਦਿੱਤਾ ਸੀ ਤਾਂ ਫਿਰ ਹਰਿਆਣਾ ਪੁਲੀਸ ਨੇ ਅਜਿਹਾ ਕਦਮ ਕਿਉਂ ਚੁੱਕਿਆ। ਯਾਦਵ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ‘ਜੀ ਆਇਆਂ’ ਆਖਣ ਲਈ ਹਰਿਆਣਾ ਦੇ ਕਿਸਾਨਾਂ ਨੇ ਬਕਾਇਦਾ ਵੈਲਕਮ ਕਮੇਟੀਆਂ ਦਾ ਗਠਨ ਕੀਤਾ ਹੈ, ਜੋ ਅੰਦੋਲਨ ਦੇ ਕੌਮੀ ਨਕਸ਼ਾਂ ਨੂੰ ਗੂੜ੍ਹਾ ਕਰਨ ਵਾਲਾ ਕਦਮ ਹੈ।