ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 27 ਅਗਸਤ
ਕੇਂਦਰੀ ਸਿੱਖਿਆ ਮੰਤਰਾਲੇ ਨੇ ਇਸ ਸਾਲ ਪੰਜ ਸਤੰਬਰ ਦੇ ਕੌਮੀ ਐਵਾਰਡ ਲਈ ਚੰਡੀਗੜ੍ਹ ਤੋਂ ਕਿਸੇ ਵੀ ਅਧਿਆਪਕ ਦੀ ਚੋਣ ਨਹੀਂ ਕੀਤੀ ਜਦਕਿ ਪੰਜਾਬ ਦੇ ਦੋ ਅਧਿਆਪਕਾਂ ਨੂੰ ਕੌਮੀ ਐਵਾਰਡ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸ ਵਾਰ ਕੇਂਦਰੀ ਮੰਤਰਾਲੇ ਨੇ ਦੇਸ਼ ਭਰ ਵਿਚੋਂ 50 ਅਧਿਆਪਕਾਂ ਦੀ ਐਵਾਰਡ ਲਈ ਚੋਣ ਕੀਤੀ ਹੈ ਜਦਕਿ ਇਹ ਐਵਾਰਡ ਸ਼ੁਰੂ ਹੋਣ ਵੇਲੇ 350 ਦੇ ਕਰੀਬ ਅਧਿਆਪਕਾਂ ਨੂੰ ਬਿਹਤਰ ਕਾਰਗੁਜ਼ਾਰੀ ਦੇ ਆਧਾਰ ’ਤੇ ਦਿੱਤਾ ਜਾਂਦਾ ਸੀ। ਦੂਜੇ ਪਾਸੇ ਚੰਡੀਗੜ੍ਹ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਅੱਜ ਹੀ ਪਤਾ ਲੱਗਾ ਹੈ ਕਿ ਇਸ ਵਾਰ ਚੰਡੀਗੜ੍ਹ ਦੇ ਅਧਿਆਪਕ ਨੂੰ ਕੌਮੀ ਐਵਾਰਡ ਨਹੀਂ ਦਿੱਤਾ ਗਿਆ ਪਰ ਇਹ ਗੱਲ ਸਮਝ ਤੋਂ ਬਾਹਰ ਹੈ ਤੇ ਉਸ ਬਾਰੇ ਪਤਾ ਲਗਾ ਕੇ ਕੇਂਦਰ ਨਾਲ ਰਾਬਤਾ ਬਣਾਉਣਗੇ। ਇਹ ਵੀ ਪਤਾ ਲੱਗਾ ਹੈ ਕਿ ਕੇਂਦਰ ਨੇ ਕੌਮੀ ਐਵਾਰਡ ਲਈ 153 ਅਧਿਆਪਕਾਂ ਨੂੰ ਸ਼ਾਰਟਲਿਸਟ ਕੀਤਾ ਸੀ ਜਿਸ ਵਿਚੋਂ ਰਾਜਾਂ ਤੇ ਯੂਟੀਜ਼ ਤੋਂ ਇਲਾਵਾ 7 ਸਿੱਖਿਆ ਸੰਸਥਾਨਾਂ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਪੇਸ਼ਕਾਰੀ ਦਿੱਤੀ ਸੀ। ਇਸ ਵਾਰ ਪੰਜਾਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਬਰਨਾਲਾ ਦੇ ਅਧਿਆਪਕ ਪੰਕਜ ਕੁਮਾਰ ਗੋਇਲ ਤੇ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਇੰਦਰਾ ਸਿੰਘ ਵਾਲਾ ਗੋਨਿਆਣਾ ਮੰਡੀ ਬਠਿੰਡਾ ਦੇ ਰਾਜਿੰਦਰ ਸਿੰਘ ਦੀ ਕੌਮੀ ਐਵਾਰਡ ਲਈ ਚੋਣ ਹੋਈ ਹੈ ਜਦਕਿ ਹਰਿਆਣਾ ਦੇ ਫਰੀਦਾਬਾਦ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਲੈਕਚਰਾਰ ਅਵਿਨਾਸ਼ਾ ਸ਼ਰਮਾ ਦੀ ਚੋਣ ਹੋਈ ਹੈ।