ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 24 ਅਗਸਤ
ਚੀਫ਼ ਖ਼ਾਲਸਾ ਦੀਵਾਨ ਨੇ ਜਿੱਥੇ ਅਫ਼ਗਾਨਿਸਤਾਨ ਦੇ ਸਿੱਖਾਂ ਦੇ ਭਾਰਤ ਸੁਰੱਖਿਅਤ ਪਹੁੰਚਣ ’ਤੇ ਰਾਹਤ ਦਾ ਪ੍ਰਗਟਾਵਾ ਕੀਤਾ ਹੈ, ਉੱਥੇ ਹੀ ਅਫ਼ਗਾਨਿਸਤਾਨ ਵਿੱਚ ਇਤਿਹਾਸਕ ਅਤੇ ਪੁਰਾਤਨ ਗੁਰਧਾਮਾਂ ਦੀ ਸਾਂਭ-ਸੰਭਾਲ ਲਈ ਚਿੰਤਾ ਵੀ ਜ਼ਾਹਰ ਕੀਤੀ ਹੈ। ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ, ਚੇਅਰਮੈਨ ਭਾਗ ਸਿੰਘ ਅਣਖੀ ਤੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਨੇ ਕਿਹਾ ਕਿ ਅਫ਼ਗਾਨਿਸਤਾਨ ’ਚ ਗੁਰੂ ਨਾਨਕ ਦੇਵ ਨਾਲ ਸਬੰਧਤ ਕਈ ਇਤਿਹਾਸਕ ਗੁਰਧਾਮ ਹਨ। ਤਾਲਿਬਾਨ ਦੇ ਕਬਜ਼ੇ ਕਾਰਨ ਸਿੱਖ ਪਰਿਵਾਰ ਹੋਰ ਮੁਲਕਾਂ ’ਚ ਜਾ ਰਹੇ ਹਨ। ਸਿੱਖਾਂ ਦੇ ਜਾਣ ਕਾਰਨ ਉੱਥੇ ਸਥਿਤ ਗੁਰੂ ਘਰਾਂ ਦੀ ਸੰਭਾਲ ਚਿੰਤਾ ਦਾ ਵਿਸ਼ਾ ਹੈ। ਜੇਕਰ ਕੇਂਦਰ ਸਰਕਾਰ ਵੱਲੋਂ ਸਮੇਂ ਸਿਰ ਕੋਈ ਠੋਸ ਕਦਮ ਨਾ ਚੁੱਕਿਆ ਗਿਆ ਤਾਂ ਅਫ਼ਗਾਨਿਸਤਾਨ ਵਿੱਚ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਅਤੇ ਗੁਰਧਾਮਾਂ ਦੀ ਬੇਅਦਬੀ ਦੀ ਸੰਭਾਵਨਾ ਹੈ।
ਗੁਰਦੁਆਰਿਆਂ ਦੀ ਸੰਭਾਲ ਯਕੀਨੀ ਬਣਾਈ ਜਾਵੇ: ਡਾ. ਰੂਪ ਸਿੰਘ
ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਅਤੇ ਸਿੱਖ ਵਿਦਵਾਨ ਡਾ. ਰੂਪ ਸਿੰਘ ਨੇ ਆਖਿਆ ਕਿ ਅਫ਼ਗਾਨਿਸਤਾਨ ਵਿੱਚ ਲਗਪਗ 40 ਗੁਰਦੁਆਰੇ ਤੇ 26 ਹੱਥ ਲਿਖਤ ਪੁਰਾਤਨ ਸਰੂਪ ਮੌਜੂਦ ਹਨ, ਜਿਨ੍ਹਾਂ ਦੀ ਸੰਭਾਲ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਹ ਗੁਰਦੁਆਰੇ ਜਲਾਲਾਬਾਦ, ਗਜ਼ਨੀ, ਕਾਬੁਲ, ਕੰਧਾਰ ਅਤੇ ਸੁਲਤਾਨਪੁਰ ਵਿੱਚ ਹਨ, ਜਿਨ੍ਹਾਂ ਦਾ ਹਵਾਲਾ ਪ੍ਰੋਫੈਸਰ ਗੰਡਾ ਸਿੰਘ ਦੀ ਪੁਸਤਕ ‘ਅਫ਼ਗਾਨਿਸਤਾਨ ਦਾ ਸਫ਼ਰ’ ਵਿੱਚੋਂ ਮਿਲਦਾ ਹੈ।