ਸਰਬਜੀਤ ਸਿਘ ਭੰਗੂ
ਪਟਿਆਲਾ, 25 ਦਸੰਬਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨਣ ਨੇ ਆਪਣੇ ਵਿਆਹ ਦੀ ਵਰ੍ਹੇ ਗੰਢ ਅੱਜ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ ਮਨਾਈ। ਉਹ ਅੱਜ ਪੰਜਾਬੀ ਯੂਨੀਵਰਸਿਟੀ ਨੇੜਲੇ ਪਿੰਡ ਸੈਫਦੀਪੁਰ ਵਿੱਚ ‘ਸੁਸਾਇਟੀ ਫਾਰ ਵੈਲਫੇਅਰ ਆਫ਼ ਦਾ ਹੈਂਡੀਕੈਪਿਡ’ ਵੱਲੋਂ ਚਲਾਏ ਜਾ ਰਹੇ ਸੁਣਨ, ਬੋਲਣ ਅਤੇ ਦੇਖਣ ਤੋਂ ਅਸਮਰੱਥ ਬੱਚਿਆਂ ਦੇ ਸਕੂਲ ’ਚ ਪੁੱਜੇ ਅਤੇ ਉਨ੍ਹਾਂ ਇਥੇ ਕਰੀਬ ਡੇਢ ਘੰਟਾ ਬਿਤਾਇਆ। ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਡਾ. ਕਮਲਜੀਤ ਕੌਰ ਵੀ ਮੌਜੂਦ ਸਨ। ਇਥੇ ਉਨ੍ਹਾਂ ਬੱਚਿਆਂ ਨਾਲ ਕੇਕ ਕੱਟਿਆ ਅਤੇ ਆਪਣੇ ਹੱਥੀਂ ਇਨ੍ਹਾਂ ਬੱਚਿਆਂ ਨੂੰ ਖੁਆਇਆ। ਇਸ ਮੌਕੇ ਉਨ੍ਹਾਂ ਨੇ ਸਕੂਲ ਲਈ ਮੁੱਖ ਮੰਤਰੀ ਫੰਡ ਵਿੱਚੋਂ 51 ਲੱਖ ਰੁਪਏ ਦੀ ਗਰਾਂਟ ਭੇਜਣ ਦਾ ਐਲਾਨ ਵੀ ਕੀਤਾ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਦਾ ਅੱਜ ਦਾ ਦੌਰਾ ਗੁਪਤ ਸੀ। ਇਸ ਦੌਰੇ ਦੀ ਕਿਸੇ ਵੀ ਪੱਧਰ ’ਤੇ ਜਾਣਕਾਰੀ ਨਹੀਂ ਦਿੱਤੀ ਗਈ। ਉਨ੍ਹਾਂ ਨੇ ਇਸ ਸਕੂਲ ਤੋਂ ਕੁੁਝ ਕਿਲੋਮੀਟਰ ਦੇ ਫਾਸਲੇ ਸਥਿਤ ਕਸਬਾ ਬਹਾਦਰਗੜ੍ਹ ਵਿਚਲੇ ਕਮਾਂਡੋ ਟਰੇਨਿੰਗ ਸੈਂਟਰ ਵਿਚਲੇ ਇੱਕ ਗਰਾਊਂਡ ’ਚ ਮੁੱਖ ਮੰਤਰੀ ਦਾ ਹਵਾਈ ਜਹਾਜ਼ ਉਤਰਿਆ। ਇਥੇ ਬਾਕਾਇਦਾ ਐੱਸਐੱਸਪੀ ਹਰਚਰਨ ਭੁੱਲਰ ਦੀ ਅਗਵਾਈ ਹੇਠਾਂ ਪੁਲੀਸ ਫੋਰਸ ਤਾਇਨਾਤ ਸੀ। ਫੇਰ ਇਥੋਂ ਉਹ ਕਾਰ ਰਾਹੀਂ ਇਸ ਸਕੂਲ ’ਚ ਪੁੱਜੇ। ਸਕੂਲ ਪ੍ਰਬੰਧਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸੁਸਾਇਟੀ ਦੇ ਪ੍ਰਧਾਨ ਪ੍ਰਧਾਨ ਗੁਰਭਜਨ ਸਿੰਘ ਗਿੱਲ ਅਤੇ ਸਕੱਤਰ ਕਰਨਲ ਕਰਮਿੰਦਰ ਸਿੰਘ ਹਨ।
ਈਸਾ ਮਸੀਹ ਤੇ ਬਾਈਬਲ ਦੀਆਂ ਸਿੱਖਿਆਵਾਂ ਦੇ ਅਧਿਐਨ ਲਈ ਚੇਅਰ ਸਥਾਪਤ ਕਰਾਂਗੇ: ਚੰਨੀ
ਚਮਕੌਰ ਸਾਹਿਬ (ਸੰਜੀਵ ਬੱਬੀ): ਇੱਥੇ ਕ੍ਰਿਸਮਸ ਮੌਕੇ ਰਮਨ ਹੰਸ ਵੱਲੋਂ ਕਰਵਾਏ ਗਏ ਧਾਰਮਿਕ ਸਮਾਗਮ ’ਚ ਸ਼ਿਰਕਤ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪ੍ਰਭੂ ਈਸਾ ਮਸੀਹ ਅਤੇ ਬਾਈਬਲ ਦੀਆਂ ਸਿੱਖਿਆਵਾਂ ਦੇ ਅਧਿਐਨ ਅਤੇ ਖੋਜ ਲਈ ਪੰਜਾਬ ਦੀ ਕਿਸੇ ਇੱਕ ਯੂਨੀਵਰਸਿਟੀ ਵਿੱਚ ਚੇਅਰ ਸਥਾਪਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਭੂ ਈਸੂ ਮਸੀਹ ਦੇ ਜਨਮਦਿਨ ’ਤੇ ਮਨਾਈ ਜਾਣ ਵਾਲੀ ਕ੍ਰਿਸਮਸ ਕੇਵਲ ਈਸਾਈਆਂ ਲਈ ਹੀ ਨਹੀਂ ਸਗੋਂ ਸਾਰੇ ਧਰਮਾਂ ਦੇ ਲੋਕਾਂ ਲਈ ਵੀ ਪਵਿੱਤਰ ਮੌਕਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇੱਕ ਧਰਮ ਨਿਰਪੱਖ ਪਾਰਟੀ ਹੈ, ਜੋ ਬਰਾਬਰੀ ਦੇ ਸਿਧਾਂਤ ’ਤੇ ਡਟ ਕੇ ਖੜ੍ਹੀ ਹੈ ਅਤੇ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ।