ਚਰਨਜੀਤ ਭੁੱਲਰ
ਮੁੱਖ ਅੰਸ਼
- ਜਸਟਿਸ ਕੁਲਦੀਪ ਸਿੰਘ ਰਿਪੋਰਟ ਨੂੰ ਅਮਲੀ ਰੂਪ ਦੇਣਾ ਸ਼ੁਰੂ
- ਛੁਡਵਾਈ ਗਈ ਜ਼ਮੀਨ ਦੀ ਕੀਮਤ 350 ਕਰੋੜ ਰੁਪਏ
ਚੰਡੀਗੜ੍ਹ, 29 ਜੁਲਾਈ
ਮੁੱਖ ਮੰਤਰੀ ਭਗਵੰਤ ਮਾਨ ਨੇ ‘ਕਬਜ਼ਾ ਹਟਾਓ’ ਮੁਹਿੰਮ ਦੀ ਅੱਜ ਖ਼ੁਦ ਕਮਾਨ ਸੰਭਾਲ ਕੇ ਪਹਾੜਾਂ ਦੀ ਜੜ੍ਹ ’ਚ ਪੈਂਦੀ 2828 ਏਕੜ ਜ਼ਮੀਨ ਦਰਜਨਾਂ ਰਸੂਖਵਾਨਾਂ ਦੇ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਾਈ। ਇਨ੍ਹਾਂ ਰਸੂਖਵਾਨਾਂ ਵਿੱਚ ਮੌਜੂਦਾ ਸੰਸਦ ਮੈਂਬਰ ਦੇ ਪਰਿਵਾਰ ਅਤੇ ਇੱਕ ਸਾਬਕਾ ਮੰਤਰੀ ਦਾ ਪਰਿਵਾਰ ਵੀ ਸ਼ਾਮਿਲ ਹੈ। ਪੰਜਾਬ ਸਰਕਾਰ ਵੱਲੋਂ ਪਹਿਲੀ ਮਈ ਤੋਂ ਪੰਜਾਬ ’ਚ ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਹਟਾਏ ਜਾਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ ਅਤੇ ਹੁਣ ਤੱਕ 9053 ਏਕੜ ਜ਼ਮੀਨ ਤੋਂ ਕਬਜ਼ੇ ਹਟਾਏ ਜਾ ਚੁੱਕੇ ਹਨ। ਪੰਜਾਬ ਸਰਕਾਰ ਨੇ ਜਸਟਿਸ ਕੁਲਦੀਪ ਸਿੰਘ ਰਿਪੋਰਟ ਨੂੰ ਅਮਲੀ ਰੂਪ ਦੇਣਾ ਸ਼ੁਰੂ ਕਰ ਦਿੱਤਾ ਹੈ।
ਮੁੱਖ ਮੰਤਰੀ ਪਹਿਲੀ ਦਫ਼ਾ ਇਸ ਮੁਹਿੰਮ ਵਿਚ ਸਿੱਧੇ ਤੌਰ ’ਤੇ ਸ਼ਾਮਲ ਹੋਏ ਹਨ ਜਿਨ੍ਹਾਂ ਅੱਜ ਬਲਾਕ ਮਾਜਰੀ ਦੇ ਪਿੰਡ ਛੋਟੀ ਬੜੀ ਨੰਗਲ ਪਹੁੰਚ ਕੇ ਮੁਹਿੰਮ ਦੀ ਅਗਵਾਈ ਕੀਤੀ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਸ ਮੌਕੇ ਰਸੂਖਵਾਨਾਂ ਦੇ ਨਾਂ ਨਸ਼ਰ ਕੀਤੇ। ਪਤਾ ਲੱਗਾ ਹੈ ਕਿ ਲੰਘੀ ਰਾਤ ਇਹ ਨਾਜਾਇਜ਼ ਕਬਜ਼ੇ ਹਟਾਉਣ ਲਈ ਕਾਨੂੰਨੀ ਮਾਹਿਰਾਂ ਨਾਲ ਵਿਚਾਰ ਚਰਚਾ ਕੀਤੀ ਗਈ ਸੀ। ਪੰਚਾਇਤ ਵਿਭਾਗ ਵੱਲੋਂ ਕਾਨੂੰਨੀ ਪੱਖ ਤੋਂ ਰਾਹ ਪੱਧਰਾ ਹੋਣ ਮਗਰੋਂ ਅੱਜ ਸਵੇਰੇ ਹੀ ਮੁੱਖ ਮੰਤਰੀ ਨੂੰ ਇਸ ਮੁਹਿੰਮ ਲਈ ਸੱਦਾ ਦਿੱਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਇਸ 2828 ਏਕੜ ਜ਼ਮੀਨ ’ਚੋਂ 265 ਏਕੜ ਜ਼ਮੀਨ ਮੈਦਾਨੀ ਇਲਾਕੇ ਦੀ ਜਦਕਿ 2563 ਏਕੜ ਪਹਾੜੀ ਹੈ। ਉਨ੍ਹਾਂ ਦੱਸਿਆ ਕਿ ਇਹ ਜ਼ਮੀਨ ਦੀ ਕੀਮਤ ਕਰੀਬ 300 ਕਰੋੜ ਰੁਪਏ ਹੈ ਜਦਕਿ 50 ਕਰੋੜ ਰੁਪਏ ਖ਼ੈਰ ਦੀ ਲੱਕੜ ਦੀ ਕੀਮਤ ਬਣਦੀ ਹੈ। ਉਨ੍ਹਾਂ ਕਿਹਾ ਕਿ ਜੋ ਵਿਰੋਧੀ ਸੁਆਲ ਚੁੱਕਦੇ ਹਨ ਕਿ ਸਰਕਾਰ ਕੋਲ ਫ਼ੰਡ ਕਿੱਥੋਂ ਆਵੇਗਾ, ਉਹ ਫ਼ੰਡ ਸ਼ਿਵਾਲਿਕ ਦੀਆਂ ਪਹਾੜੀਆਂ ਦੀਆਂ ਜੜ੍ਹਾਂ ’ਚੋਂ ਉਦੋਂ ਆਵੇਗਾ, ਜਦੋਂ ਬੇਸ਼ਕੀਮਤੀ ਜ਼ਮੀਨਾਂ ਨੂੰ ਕਬਜ਼ਿਆਂ ਤੋਂ ਮੁਕਤ ਕਰਵਾ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕੁਝ ਰਸੂਖਵਾਨ ਅਫ਼ਸਰਾਂ ਅਤੇ ਸਿਆਸਤਦਾਨਾਂ ਨੇ ਗੈਰਕਾਨੂੰਨੀ ਢੰਗ ਨਾਲ ਕਬਜ਼ਾ ਕੀਤਾ ਹੋਇਆ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਅਣਅਧਿਕਾਰਤ ਕਾਬਜ਼ਕਾਰਾਂ ਵਿਚ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਈਮਾਨਜੀਤ ਸਿੰਘ ਮਾਨ ਨੇ 125 ਏਕੜ ਉੱਤੇ ਕਬਜ਼ਾ ਕੀਤਾ ਹੋਇਆ ਸੀ ਅਤੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਪੁੱਤਰ ਹਰਮਨਦੀਪ ਸਿੰਘ ਨੇ ਪੰਜ ਏਕੜ ਉੱਤੇ ਕਾਬਜ਼ ਸੀ। ਉਨ੍ਹਾਂ ਦੱਸਿਆ ਕਿ ਸੰਗਰੂਰ ਦੇ ਸੰਸਦ ਮੈਂਬਰ ਦੀ ਧੀ ਅਤੇ ਜਵਾਈ ਨੇ ਵੀ ਅਣਅਧਿਕਾਰਤ ਤੌਰ ਉੱਤੇ ਮਹਿੰਗੇ ਭਾਅ ਵਾਲੀ 28 ਏਕੜ ਜ਼ਮੀਨ ਉੱਤੇ ਕਬਜ਼ਾ ਕੀਤਾ ਹੋਇਆ ਸੀ। ਮੁੱਖ ਮੰਤਰੀ ਨੇ ਕਿਹਾ ਕਿ 1100 ਏਕੜ ਜ਼ਮੀਨ ਉੱਤੇ ‘ਫੌਜਾ ਸਿੰਘ ਇਨਫਰਾਸਟੱਕਚਰ ਪ੍ਰਾਈਵੇਟ ਲਿਮਟਿਡ’ ਨੇ ਕਬਜ਼ਾ ਕੀਤਾ ਹੋਇਆ ਸੀ। ਬਾਕੀ ਕਾਬਜ਼ਕਾਰਾਂ ਵਿਚ ਈਮਾਨ ਸਿੰਘ (125 ਏਕੜ), ਅੰਕੁਰ ਧਵਨ (103 ਏਕੜ), ਜਤਿੰਦਰ ਸਿੰਘ ਦੂਆ ਤੇ ਪੁਖਰਾਜ ਸਿੰਘ ਦੂਆ (40 ਏਕੜ), ਪ੍ਰਭਦੀਪ ਸਿੰਘ ਸੰਧੂ, ਗੋਬਿੰਦ ਸਿੰਘ ਸੰਧੂ ਅਤੇ ਨਾਨਕੀ ਕੌਰ (28 ਏਕੜ), ਰਿਪੁਦਮਨ ਸਿੰਘ (25 ਏਕੜ), ਨਵਦੀਪ ਕੌਰ (15 ਏਕੜ), ਦੀਪਕ ਬਾਂਸਲ (12 ਏਕੜ), ਕੇਐੱਫ ਫਾਰਮਜ਼ (11 ਏਕੜ), ਤੇਜਵੀਰ ਸਿੰਘ ਢਿੱਲੋਂ (8 ਏਕੜ), ਇੰਦਰਜੀਤ ਸਿੰਘ ਢਿੱਲੋਂ (8 ਏਕੜ), ਦੀਪਇੰਦਰ ਪਾਲ ਚਾਹਲ (8 ਏਕੜ), ਸੰਦੀਪ ਬਾਂਸਲ (6 ਏਕੜ), ਹਰਮਨਦੀਪ ਸਿੰਘ ਧਾਲੀਵਾਲ (5 ਏਕੜ), ਮਨਦੀਪ ਸਿੰਘ ਧਨੋਆ (5 ਏਕੜ) ਅਤੇ ਰੀਟਾ ਸ਼ਰਮਾ (4 ਏਕੜ) ਸ਼ਾਮਲ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਗੈਰਕਾਨੂੰਨੀ ਢੰਗ ਨਾਲ ਕਬਜ਼ਾ ਕਰਕੇ ਪੈਸੇ ਦੀ ਲੁੱਟ-ਖਸੁੱਟ ਕਰਨ ਵਾਲੇ ਰਸੂਖਵਾਨਾਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕੀਤਾ ਜਾਵੇਗਾ। ਉਨ੍ਹਾਂ ਪੰਚਾਇਤ ਮੰਤਰੀ ਧਾਲੀਵਾਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜ਼ਮੀਨਾਂ ਤੋਂ ਕਿਸੇ ਗ਼ਰੀਬ ਜਾਂ ਲੋੜਵੰਦ ਨੂੰ ਨਹੀਂ ਹਟਾਇਆ ਜਾ ਰਿਹਾ ਹੈ। ਜਿਨ੍ਹਾਂ ਅਧਿਕਾਰੀਆਂ ਨੇ ਇਨ੍ਹਾਂ ਕਾਬਜ਼ਕਾਰਾਂ ਨਾਲ ਗੰਢਤੁੱਪ ਕੀਤੀ, ਉਨ੍ਹਾਂ ਉਤੇ ਵੀ ਕੇਸ ਦਰਜ ਹੋਣਗੇ।
ਵੱਡੇ ਘਰਾਂ ਵੱਲ ਵਧਣ ਦੀ ਤਿਆਰੀ
ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੇ ਸਿਆਸੀ ਘਰਾਂ ਨੂੰ ਹੱਥ ਪਾਉਣ ਤੋਂ ਪਹਿਲਾਂ ਹੋਰਨਾਂ ਸਿਆਸੀ ਰਸੂਖਵਾਨਾਂ ਤੋਂ ਜ਼ਮੀਨ ਕਬਜ਼ਾ ਮੁਕਤ ਕਰਾ ਕੇ ਰਾਹ ਪੱਧਰਾ ਕੀਤਾ ਹੈ। ਸੂਤਰ ਦੱਸਦੇ ਹਨ ਕਿ ‘ਆਪ’ ਸਰਕਾਰ ਦੀ ਆਉਂਦੇ ਦਿਨਾਂ ਵਿਚ ਨਾਮੀ ਸਿਆਸੀ ਘਰਾਣਿਆਂ ਦੇ ਘਰ ਤੱਕ ਪਹੁੰਚਣ ਦੀ ਵਿਉਂਤ ਹੈ। ਪਤਾ ਲੱਗਾ ਹੈ ਕਿ ਪੰਚਾਇਤ ਮਹਿਕਮੇ ਤਰਫ਼ੋਂ ਕਾਨੂੰਨੀ ਨਜ਼ਰੀਏ ਤੋਂ ਰਿਕਾਰਡ ਦੀ ਘੋਖ ਕੀਤੀ ਜਾ ਰਹੀ ਹੈ ਅਤੇ ਇਸ ਦਾ ਆਧਾਰ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਨੂੰ ਬਣਾਇਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਅੱਜ ਇਸ਼ਾਰਾ ਵੀ ਕੀਤਾ ਕਿ ਉਹ ਪਹਾੜਾਂ ਦੀ ਜੜ੍ਹਾਂ ਤੱਕ ਪਹੁੰਚਣਗੇ।
ਮਾਣਹਾਨੀ ਦਾ ਕੇਸ ਕਰਾਂਗੇ: ਮਾਨ
ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਗੋਬਿੰਦ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੇ ਮਾਮੇ ਦੇ ਨਾਂ ’ਤੇ 13 ਤੋਂ 15 ਏਕੜ ਜ਼ਮੀਨ ਹੈ ਜੋ ਪੁਸ਼ਤੈਨੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਝੂਠਾ ਡਰਾਮਾ ਰਚਿਆ ਹੈ ਜਦਕਿ ਹਾਈ ਕੋਰਟ ਵੱਲੋਂ ਸਟੇਅ ਲਾਇਆ ਹੋਇਆ ਹੈ। ਉਹ ਮੁੱਖ ਮੰਤਰੀ, ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ ਖ਼ਿਲਾਫ਼ ਮਾਣਹਾਨੀ ਦਾ ਕੇਸ ਕਰਨਗੇ। ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਾਈਵੇਟ ਵਿਅਕਤੀਆਂ ਤੋਂ ਜ਼ਮੀਨ ਖ਼ਰੀਦੀ ਸੀ ਨਾ ਕਿ ਇਹ ਪੰਚਾਇਤੀ ਜ਼ਮੀਨ ਹੈ। ਹੋਰ ਵਿਅਕਤੀਆਂ ਦਾ ਪੱਖ ਲੈਣ ਲਈ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸਫਲਤਾ ਨਹੀਂ ਮਿਲੀ। ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਛੁਡਵਾਈ ਗਈ ਜ਼ਮੀਨ ’ਤੇ ਕਿਸੇ ਅਦਾਲਤ ਵੱਲੋਂ ਕੋਈ ਸਟੇਅ ਨਹੀਂ ਲਾਇਆ ਹੋਇਆ ਹੈ।