ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 20 ਨਵੰਬਰ
ਈਸਾਈ ਭਾਈਚਾਰੇ ਦੇ ਵਫ਼ਦ ਨੇ ਵੈਟੀਕਨ ਸਿਟੀ ਰੋਮ ਦੀ ਅੰਤਰ ਧਾਰਮਿਕ ਵਾਰਤਾ ਕੌਂਸਲ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਭੇਜਿਆ ਵਧਾਈ ਸੰਦੇਸ਼ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੌਂਪਿਆ ਹੈ।
ਕੈਥੋਲਿਕ ਧਰਮ ਦੇ ਮੁਖੀ ਪੋਪ ਫਰਾਂਸਿਸ ਦੀ ਅੰਤਰ ਧਾਰਮਿਕ ਵਾਰਤਾ ਕੌਂਸਲ ਵੱਲੋਂ ਭੇਜਿਆ ਵਧਾਈ ਸੰਦੇਸ਼ ਗਿਆਨੀ ਗੁਰਪ੍ਰੀਤ ਸਿੰਘ ਨੂੰ ਸੌਂਪਣ ਵਾਲੇ ਵਫ਼ਦ ਵਿੱਚ ਜਲੰਧਰ ਡਾਇਓਸਿਸ ਦੇ ਅੰਤਰ ਧਾਰਮਿਕ ਵਾਰਤਾ ਦੇ ਡਾਇਰੈਕਟਰ ਫਾਦਰ ਜੌਹਨ ਗਰੇਵਾਲ ਤੇ ਹੋਰ ਸ਼ਾਮਲ ਸਨ। ਈਸਾਈ ਭਾਈਚਾਰੇ ਵੱਲੋਂ ਵਧਾਈ ਸੰਦੇਸ਼ ਵਿੱਚ ਸਮੁੱਚੀ ਸਿੱਖ ਕੌਮ ਨੂੰ ਪ੍ਰਕਾਸ਼ ਪੁਰਬ ਦੀਆਂ ਸ਼ੁੱਭਕਾਮਨਾਵਾਂ ਭੇਟ ਕਰਦਿਆਂ ਕਿਹਾ ਗਿਆ ਹੈ, ‘ਜੋ ਧਰਮ ਸਰਬੱਤ ਦਾ ਭਲਾ ਅਤੇ ਧਰਤੀ ਦਾ ਭਲਾ ਚਾਹੁੰਦੇ ਹਨ, ਮਸੀਹ ਭਾਈਚਾਰਾ ਉਨ੍ਹਾਂ ਨਾਲ ਰਲ ਕੇ ਸਮੁੱਚੇ ਬ੍ਰਹਿਮੰਡ ਦੀ ਦੇਖਭਾਲ ਕਰਨਾ ਚਾਹੁੰਦਾ ਹੈ। ਦੋਵੇਂ ਭਾਈਚਾਰੇ ਅਜੋਕੇ ਸਮੇਂ ਵਿਚ ਇਕ ਦੂਜੇ ਦਾ ਸਨਮਾਨ ਕਰਦੇ ਹੋਏ ਸੱਭਿਆਚਾਰ ਅਤੇ ਆਪਸੀ ਮੇਲ ਮਿਲਾਪ ਨੂੰ ਹੋਰ ਉਤਸ਼ਾਹਿਤ ਕਰ ਸਕਦੇ ਹਨ।’
ਆਗੂਆਂ ਨੇ ਦੱਸਿਆ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਈਸਾਈ ਧਰਮ ਦੇ ਵਫ਼ਦ ਦਾ ਸਵਾਗਤ ਕੀਤਾ ਅਤੇ ਵਧੇਰੇ ਬੂਟੇ ਲਾਉਣ ਤੇ ਵੰਡ ਕੇ ਵਾਤਾਵਰਨ ਦੀ ਸੰਭਾਲ ਦਾ ਸੁਨੇਹਾ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਸਿੱਖ ਧਰਮ ਵੀ ਸਮੁੱਚੇ ਧਰਮਾਂ ਦਾ ਸਤਿਕਾਰ ਕਰਦਾ ਹੈ। ਫਾਦਰ ਗਰੇਵਾਲ ਨੇ ਦੱਸਿਆ ਕਿ ਮਤਭੇਦ ਪੈਦਾ ਕਰਨ ਵਾਲੇ ਮੁੱਦੇ ਗੱਲਬਾਤ ਕਰਕੇ ਸੁਲਝਾਏ ਜਾਣਗੇ। ਇਸ ਮੌਕੇ ਪੈਰਿਸ ਕੌਂਸਲ ਦੇ ਪ੍ਰਧਾਨ ਐਡਵੋਕੇਟ ਸੈਮੂਅਲ ਮਸੀਹ ਵੀ ਉਨ੍ਹਾਂ ਨਾਲ ਹਾਜ਼ਰ ਸਨ।