ਸੰਜੀਵ ਤੇਜਪਾਲ
ਮੋਰਿੰਡਾ, 18 ਜੂਨ
ਮੋਰਿੰਡਾ-ਕਾਈਨੌਰ ਸੜਕ ਦੀ ਹਾਲਤ ਨੂੰ ਸੁਧਾਰਨ ਦੀ ਜ਼ਿੰਮੇਵਾਰੀ ਭਾਵੇਂ ਸਿਆਸੀ ਪਾਰਟੀਆਂ ਨੇ ਲਈ ਸੀ ਪਰ ਇਨ੍ਹਾਂ ਪਾਰਟੀਆਂ ਵੱਲੋਂ ਧਰਨੇ ਤੇ ਮੈਮੋਰੈਂਡਮ ਦੇਣ ਦੇ ਬਾਵਜੂਦ ਕੋਈ ਹੱਲ ਨਹੀਂ ਨਿਕਲਿਆ। ਇਸ ਸਬੰਧੀ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਸ਼ਹਿਰ ਵਾਸੀਆਂ ਵੱਲੋਂ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਮੰਤਰੀ ਵੱਲੋਂ ਇਸ ਸੜਕ ਨੂੰ ਠੀਕ ਕਰਵਾਊਣ ਲਈ ਵੀ ਕੁਝ ਨਹੀਂ ਕੀਤਾ ਜਾ ਰਿਹਾ। ਆਖ਼ਿਰਕਾਰ ਇਸ ਸੜਕ ਨੂੰ ਠੀਕ ਕਰਨ ਲਈ ਲੋਕਾਂ ਨੂੰ ਹੀ ਅੱਗੇ ਆਉਣਾ ਪਿਆ। ਸਥਾਨਕ ਲੋਕਾਂ ਨੇ ਆਪਣੇ ਪੱਧਰ ’ਤੇ ਸੜਕ ਵਿੱਚ ਪਏ ਖੱਡਿਆਂ ਨੂੰ ਭਰਨਾ ਸ਼ੁਰੂ ਕਰ ਦਿੱਤਾ ਹੈ। ਇਸੇ ਕਾਈਨੌਰ ਚੌਕ ਵਿੱਚ ਜੋ ਟਰੈਫਿਕ ਲਾਈਟਾਂ ਲੱਗੀਆਂ ਹੋਈਆਂ ਹਨ, ਉਹ ਪਿਛਲੇ 6 ਸਾਲਾਂ ਤੋਂ ਖਰਾਬ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਵਿੰਦਰ ਸਿੰਘ ਡੂੰਮਛੇੜੀ ਯੂਥ ਆਗੂ, ਜਸਵਿੰਦਰ ਸਿੰਘ ਛੋਟੂ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਮੋਰਿੰਡਾ, ਦਵਿੰਦਰ ਸਿੰਘ ਮਝੈਲ, ਸੁਪਿੰਦਰ ਸਿੰਘ ਭੰਗੂ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਮੋਰਿੰਡਾ ਦਾ ਕਹਿਣਾ ਹੈ ਕਿ ਵੈਸੇ ਤਾਂ ਪੰਜਾਬ ਸਰਕਾਰ ਦੇ ਮੰਤਰੀ ਚੰਨੀ ਵੱਡੇ-ਵੱਡੇ ਵਿਕਾਸ ਦੇ ਦਾਅਵੇ ਕਰਦੇ ਹਨ, ਪਰ ਅਸਲ ਵਿੱਚ ਜ਼ਮੀਨੀ ਹਕੀਕਤ ਕੁੱਝ ਹੋਰ ਹੈ। ਕਾਈਨੌਰ ਚੌਕ ਵਿੱਚ ਲਾਈਟਾਂ ਨੂੰ ਖਰਾਬ ਹੋਇਆਂ 6 ਸਾਲਾਂ ਤੋਂ ਵੀ ਵੱਧ ਸਮਾਂ ਬੀਤ ਚੁੱਕਿਆ ਹੈ ਅਤੇ ਸੜਕ ਵਿੱਚ ਖੱਡੇ ਪਿਆਂ ਨੂੰ ਵੀ 2 ਸਾਲਾਂ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ, ਪਰ ਨਾ ਤਾਂ ਇਸ ਸਬੰਧੀ ਨਗਰ ਕੌਂਸਲ ਵਾਲੇ ਕੁੱਝ ਕਰਦੇ ਹਨ ਤੇ ਨਾ ਹੀ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ। ਇਸ ਸਬੰਧੀ ਜਦੋਂ ਕਾਰਜਸਾਧਕ ਅਫ਼ਸਰ ਮੋਰਿੰਡਾ ਅਸ਼ੋਕ ਪਥਰੀਆ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।