ਜੋਗਿੰਦਰ ਸਿੰਘ ਮਾਨ
ਮਾਨਸਾ, 13 ਜੂਨ
ਮਾਨਸਾ ਨੇੜਲੇ ਪਿੰਡ ਬਣਾਂਵਾਲਾ ਵਿਚ ਨਿੱਜੀ ਭਾਈਵਾਲੀ ਤਹਿਤ ਲੱਗੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਿਟਡ (ਟੀਐੱਸਪੀਐੱਲ) ਦਾ ਕੱਲ੍ਹ ਤੋਂ ਬੰਦ ਪਿਆ ਇੱਕ ਯੂਨਿਟ ਅੱਜ ਵੀ ਚਾਲੂ ਨਹੀਂ ਹੋ ਸਕਿਆ। ਇਸ ਤਾਪਘਰ ਦੇ ਬਾਕੀ ਦੋ ਯੂਨਿਟ ਕੰਮ ਕਰ ਰਹੇ ਹਨ। 1980 ਮੈਗਾਵਾਟ ਦੀ ਸਮਰੱਥਾ ਵਾਲੇ ਇਸ ਤਾਪਘਰ ਦੇ ਯੂਨਿਟ ਨੰਬਰ-1 ਵੱਲੋਂ 445 ਅਤੇ ਯੂਨਿਟ ਨੰਬਰ-3 ਵੱਲੋਂ 506 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ। ਤਲਵੰਡੀ ਸਾਬੋ ਤਾਪਘਰ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਯੂਨਿਟ ਨੰਬਰ-2 ਦੇ ਤਕਨੀਕੀ ਨੁਕਸ ਨੂੰ ਦੂਰ ਕਰਨ ਲਈ ਮਾਹਿਰਾਂ ਵੱਲੋਂ ਲਗਾਤਾਰ ਉਪਰਾਲੇ ਕੀਤੇ ਗਏ ਪਰ ਦੇਰ ਸ਼ਾਮ ਤੱਕ ਬਿਜਲੀ ਪੈਦਾਵਾਰ ਨਹੀਂ ਹੋ ਸਕੀ ਪਰ ਭਲਕੇ ਇਸ ਦੇ ਚਾਲੂ ਹੋਣ ਦੀ ਉਮੀਦ ਹੈ। ਇਸੇ ਤਰ੍ਹਾਂ ਰਾਜ ਦੇ ਸਰਕਾਰੀ ਖੇਤਰ ਹੇਠਲੇ ਤਾਪਘਰ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਬੰਦ ਹੋਏ ਚਾਰ ਯੂਨਿਟਾਂ ’ਚੋਂ ਦੋ ਚਾਲੂ ਹਾਲਤ ਵਿੱਚ ਹਨ। ਇਨ੍ਹਾਂ ਯੂਨਿਟਾਂ ਤੋਂ ਅੱਜ ਸ਼ਾਮ ਨੂੰ 350 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ। ਇਸ ਤਾਪਘਰ ਦੀ ਕੁੱਲ ਸਮਰੱਥਾ 920 ਮੈਗਾਵਾਟ ਹੈ। ਰਾਜਪੁਰਾ ’ਚ ਐੱਲ ਐਂਡ ਟੀ ਦੇ ਤਾਪਘਰ ਦੇ ਦੋਨੋਂ ਯੂਨਿਟ ਭਖ ਰਹੇ ਹਨ, ਜਿਨ੍ਹਾਂ ਵੱਲੋਂ ਕ੍ਰਮਵਾਰ 646 ਅਤੇ 633 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਇਸ ਤਾਪਘਰ ਦੀ ਕੁੱਲ ਸਮਰੱਥਾ 1400 ਮੈਗਾਵਾਟ ਹੈ। ਦੂਜੇ ਪਾਸੇ 540 ਮੈਗਾਵਾਟ ਦੀ ਸਮਰੱਥਾ ਵਾਲੇ ਤਾਪਘਰ ਜੀਵੀਕੇ ਗੋਇੰਦਵਾਲ ਦੇ ਯੂਨਿਟ ਨੰਬਰ-1 ਵੱਲੋਂ 145 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ ਪਰ ਇਸ ਦਾ ਯੂਨਿਟ 2 ਕਈ ਦਿਨਾਂ ਤੋਂ ਬੰਦ ਹੈ।