ਜੈਸਮੀਨ ਭਾਰਦਵਾਜ
ਨਾਭਾ, 9 ਦਸੰਬਰ
ਕਿਸਾਨੀ ਅੰਦੋਲਨ ਦਾ ਰੰਗ ਨਾਭਾ ਦੇ ਪਿੰਡ ਦੁਲੱਦੀ ਦੇ ਇੱਕ ਵਿਆਹ ਦੀਆਂ ਰਸਮਾਂ ਵਿੱਚ ਵੀ ਦਿਖਾਈ ਦਿੱਤਾ, ਜਦੋਂ ਪਰਿਵਾਰ ਵਾਲਿਆਂ ਨੇ ਪਿੰਡ ਵਿੱਚ ਜਾਗੋ ਕੱਢਣ ਵੇਲੇ ਕਿਸਾਨ ਅੰਦੋਲਨ ਦੇ ਹੱਕ ’ਚ ਨਾਅਰੇ ਮਾਰੇ ਤੇ ਹੱਥ ’ਚ ਤਖ਼ਤੀਆਂ, ਝੰਡੇ ਫੜ ਕੇ ਕੇਂਦਰ ਸਰਕਾਰ ਅਤੇ ਉਸ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ।
ਲਾੜੇ ਦਾ ਦਾਦਾ ਮੁਖਤਿਆਰ ਸਿੰਘ (ਮਰਹੂਮ) ਕਿਸਾਨ ਯੂਨੀਅਨ ਉਗਰਾਹਾਂ ਦਾ ਸਰਗਰਮ ਮੈਂਬਰ ਸੀ, ਜਿਸ ਨੂੰ ਯਾਦ ਕਰਦਿਆਂ ਪੋਤੇ ਅਮਨਦੀਪ ਸਿੰਘ ਤੇ ਉਸ ਦੇ ਦੋਸਤਾਂ, ਭੈਣਾਂ ਤੇ ਰਿਸ਼ਤੇਦਾਰਾਂ ਨੇ ਪਿੰਡ ਵਿੱਚ ਜਾਗਣ ਦਾ ਸੁਨੇਹਾ ਦਿੱਤਾ ਅਤੇ ਡੀਜੇ ’ਤੇ ਪੰਜਾਬੀ ਸੰਘਰਸ਼ਾਂ ਦੇ ਗੀਤ ਵਜਾਏ ਗਏ।
ਪੰਜਾਬ ਯੂਨੀਵਰਸਿਟੀ ਤੋਂ ਐੱਮਏ ਅੰਗਰੇਜ਼ੀ ਅਮਨਦੀਪ ਸਿੰਘ ਦਾ ਆਨੰਦ ਕਾਰਜ ਪੰਜਾਬੀ ਮੂਲ ਦੀ ਅਮਰੀਕੀ ਨਾਗਰਿਕ ਅਮਨਜੋਤ ਕੌਰ ਨਾਲ ਹੋਣਾ ਹੈ। ਉਨ੍ਹਾਂ ਦੱਸਿਆ ਕਿ ਅਮਰੀਕਾ ’ਚ ਵੀ ਇਨ੍ਹਾਂ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਹੋ ਰਹੇ ਹਨ ਤੇ ਲੋਕਾਂ ਦੇ ਹਸਤਾਖ਼ਰਾਂ ਲਈ ਇੱਕ ਆਨਲਾਈਨ ਮੁਹਿੰਮ ਵੀ ਚਲਾਈ ਜਾ ਰਹੀ ਹੈ।
ਅਮਨ ਦੇ ਪਿਤਾ ਇੰਦਰਜੀਤ ਸਿੰਘ ਤੇ ਉਸ ਦੇ ਚਾਚਾ ਸਾਬਕਾ ਸਰਪੰਚ ਗੁਰਚਰਨ ਸਿੰਘ ਨੇ ਦੱਸਿਆ ਕਿ ਜਦੋਂ ਬੱਚਿਆਂ ਵੱਲੋਂ ਇਸ ਤਰ੍ਹਾਂ ਦੇ ਪ੍ਰੋਗਰਾਮ ਦੀ ਪੇਸ਼ਕਸ਼ ਰੱਖੀ ਗਈ ਤਾਂ ਉਨ੍ਹਾਂ ਨੂੰ ਬਹੁਤ ਮਾਣ ਮਹਿਸੂਸ ਹੋਇਆ ਤੇ ਸਭ ਰਿਸ਼ਤੇਦਾਰਾਂ ਨੇ ਇਸ ’ਚ ਵਧ ਚੜ੍ਹ ਕੇ ਹਿੱਸਾ ਲੈਂਦਿਆਂ ਜ਼ੋਸ਼ੀਲੀ ਜਾਗੋ ਕੱਢੀ।
ਲਾੜਾ ਬਰਾਤ ਸਣੇ ਧਰਨੇ ’ਚ ਸ਼ਾਮਲ ਹੋਇਆ
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਬਰਾਤ ਲੈ ਕੇ ਜਾ ਰਹੇ ਲਾੜੇ ਅਮਰਦੀਪ ਸਿੰਘ ਲਵਲੀ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਟੌਲ ਪਲਾਜ਼ਾ ਕਾਲਾਝਾੜ ’ਤੇ ਲਗਾਏ ਧਰਨੇ ’ਚ ਸ਼ਮੂਲੀਅਤ ਕੀਤੀ। ਇਸ ਮੌਕੇ ਅਮਰਦੀਪ ਸਿੰਘ ਲਵਲੀ ਵਾਸੀ ਸੰਗਰੂਰ, ਜੋ ਕੈਂਸਰ ਹਸਪਤਾਲ ਸੰਗਰੂਰ ’ਚ ਟੈਕਨੀਸ਼ੀਅਨ ਹੈ, ਨੇ ਦੱਸਿਆ ਕਿ ਉਹ ਅੱਜ ਸੰਗਰੂਰ ਤੋਂ ਪਟਿਆਲਾ ’ਚ ਬਰਾਤ ਲੈ ਕੇ ਜਾ ਰਿਹਾ ਹੈ। ਉਸ ਨੇ ਕਿਹਾ ਕਿ ਸਾਰਿਆਂ ਨੂੰ ਹੀ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ। ਅਮਰਦੀਪ ਨੇ ਕਿਹਾ ਕਿ ਉਹ ਖੁਸ਼ੀ ਮੌਕੇ ਵੀ ਕਿਸਾਨਾਂ ਨਾਲ ਇੱਕਜੁਟਤਾ ਪ੍ਰਗਟਾਉਣ ਲਈ ਬਰਾਤੀਆਂ ਸਣੇ ਧਰਨੇ ’ਚ ਸ਼ਾਮਲ ਹੋਇਆ ਹੈ। ਉਨ੍ਹਾਂ ਕਿਸਾਨ ਏਕਤਾ ਦੇ ਹੱਕ ’ਚ ਨਾਅਰੇ ਵੀ ਲਗਾਏ। ਕਿਸਾਨ ਆਗੂ ਸੁਖਦੇਵ ਸਿੰਘ ਘਰਾਚੋਂ ਨੇ ਨੌਜਵਾਨ ਦੇ ਜਜ਼ਬੇ ਦੀ ਸ਼ਲਾਘਾ ਕੀਤੀ।