ਗਗਨਦੀਪ ਅਰੋੜਾ
ਲੁਧਿਆਣਾ, 1 ਜੁਲਾਈ
ਅਨਲੌਕ 1 ਖਤਮ ਹੋਣ ਤੋਂ ਬਾਅਦ 1 ਜੁਲਾਈ ਨੂੰ ਸਰਕਾਰ ਵੱਲੋਂ ਅਨਲੌਕ 2 ਸ਼ੁਰੂ ਹੋਇਆ ਹੈ। ਅਨਲੋਕ 2 ਸ਼ੁਰੂ ਹੁੰਦੇ ਹੀ ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਸੋਸ਼ਲ ਮੀਡੀਆ ਫੇਸਬੁੱਕ ਰਾਹੀਂ ਲੁਧਿਆਣਾ ਪੁਲੀਸ ਦੇ ਪੇਜ਼ ’ਤੇ ਲਾਈਵ ਹੋਏ ਤੇ ਉਨ੍ਹਾਂ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਦੌਰਾਨ ਪੁਲੀਸ ਕਮਿਸ਼ਨਰ ਨੇ ਸ਼ਹਿਰ ਦੇ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ’ਚੋਂ ਜੋ ਵੀ ਨਿਯਮ ਤੋੜੇਗਾ, ਉਸ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਅਮਿਤ ਕਾਲੜਾ ਨੇ ਪੁੱਛਿਆ ਕਿ ਸ਼ਨਿੱਚਰਵਾਰ ਤੇ ਐਤਵਾਰ ਨੂੰ ਦੁਕਾਨਾਂ ਬੰਦ ਹੋਣਗੀਆਂ ਜਾਂ ਨਹੀਂ। ਪੁਲੀਸ ਕਮਿਸ਼ਨਰ ਨੇ ਜਵਾਬ ਦਿੱਤਾ ਕਿ ਸ਼ਨਿੱਚਰਵਾਰ ਸ਼ਾਮ 5 ਵਜੇ ਤੋਂ ਬਾਅਦ ਲੌਕਡਾਊਨ ਲਾ ਦਿੱਤਾ ਜਾਂਦਾ ਸੀ, ਪਰ ਹੁਣ ਸਿਰਫ਼ ਐਤਵਾਰ ਨੂੰ ਵੀ ਲੌਕਡਾਊਨ ਰਹੇਗਾ। ਇਸ ਦੌਰਾਨ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਹੀ ਖੁੱਲ੍ਹਣਗੀਆਂ। ਤਰੁਣ ਮਹਿਤਾ ਵੱਲੋਂ ਜਿਮ ਖੋਲ੍ਹਣ ਸੰਬੰਧੀ ਪੁੱਛੇ ਜਾਣ ’ਤੇ ਜਵਾਬ ਦਿੱਤਾ ਕਿ ਮਸ਼ੀਨਾਂ ਨੂੰ ਵਾਰ ਵਾਰ ਲੋਕਾਂ ਵੱਲੋਂ ਵਰਤਣ ਨਾਲ ਵਾਇਰਸ ਫੈਲਣ ਦਾ ਖਤਰਾ ਹੈ, ਇਸ ਲਈ ਜਿਮ ਖੁੱਲ੍ਹਣ ’ਚ ਹਾਲੇ ਸਮਾਂ ਲੱਗੇਗਾ।