ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 25 ਅਗਸਤ
ਪੰਜਾਬ ਵਿਧਾਨ ਸਭਾ ਵੱਲੋਂ ਬਣਾਈ ਗਈ ਭਰੋਸਗੀ ਕਮੇਟੀ ਨੇ ਅੱਜ ਸਰਕਟ ਹਾਊਸ ਦਾ ਦੌਰਾ ਕਰਕੇ ਉਥੇ ਚੱਲ ਰਿਹਾ ਉਸਾਰੀ ਦਾ ਕੰਮ ਤੁਰੰਤ ਰੋਕਣ ਦੇ ਹੁਕਮ ਦਿੱਤੇ ਹਨ। ਕਮੇਟੀ ਨੇ ਇਸ ਮਾਮਲੇ ਦੇ ਸਬੰਧ ਵਿਚ ਸਬੰਧਤ ਅਧਿਕਾਰੀ ਨੂੰ ਸਾਰਾ ਰਿਕਾਰਡ ਲੈ ਕੇ ਕਮੇਟੀ ਅੱਗੇ ਪੇਸ਼ ਹੋਣ ਦੀ ਹਦਾਇਤ ਵੀ ਕੀਤੀ ਹੈ। ਦੱਸਣਯੋਗ ਹੈ ਕਿ ਇਥੇ ਪਬਲਿਕ-ਪ੍ਰਾਈਵੇਟ ਪਾਟਰਨਸ਼ਿਪ (ਪੀਪੀਪੀ) ਮੋਡ ’ਤੇ ਇਕ ਹੋਟਲ ਦੀ ਉਸਾਰੀ ਕੀਤੀ ਜਾ ਰਹੀ ਹੈ, ਜਿਸ ਦਾ ਸਬੰਧ ਕਾਂਗਰਸ ਸਰਕਾਰ ਦੇ ਸਾਬਕਾ ਮੰਤਰੀ ਨਾਲ ਹੈ। ਪੰਜਾਬ ਵਿਧਾਨ ਸਭਾ ਵੱਲੋਂ ਕਾਇਮ ਭਰੋਸਗੀ ਕਮੇਟੀ ਵਿੱਚ ਸ਼ਾਮਲ ਚੇਅਰਮੈਨ ਵਿਧਾਇਕ ਕੰਵਰ ਵਿਜੈ ਪ੍ਰਤਾਪ ਸਿੰਘ, ਵਿਧਾਇਕ ਮਦਨ ਲਾਲ ਬੱਗਾ, ਵਿਧਾਇਕ ਜੀਵਨ ਸਿੰਘ ਸੰਗੋਵਾਲ ਅਤੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਅੱਜ ਸਰਕਟ ਹਾਊਸ ਦਾ ਦੌਰਾ ਕੀਤਾ। ਇਸ ਮੌਕੇੇ ਚੇਅਰਮੈਨ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਨੇ ਆਪਣੇ ਨਿੱਜੀ ਹਿੱਤਾਂ ਲਈ ਸਰਕਾਰੀ ਜਾਇਦਾਦਾਂ ’ਤੇ ਕਬਜ਼ਾ ਕਰ ਲਿਆ ਸੀ। ਇਸੇ ਨੀਤੀ ਤਹਿਤ ਵਿਰਾਸਤੀ ਇਮਾਰਤ ਅੰਮ੍ਰਿਤਸਰ ਸਰਕਟ ਹਾਊਸ ਨੂੰ ਆਪਣੇ ਨਿੱਜੀ ਹਿੱਤਾਂ ਲਈ ‘ਪੀਪੀਪੀ’ ਮੋਡ ’ਤੇ ਕਰਕੇ ਇਸ ’ਤੇ ਕਬਜ਼ਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕੋਈ ਵੀ ਸਮਝੌਤਾ, ਜੋ ਲੋਕ ਹਿੱਤ ਖ਼ਿਲਾਫ਼ ਹੁੰਦਾ ਹੈ, ਨੂੰ ਰੱਦ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਰਕਟ ਹਾਊਸ ਵਿੱਚ 1995 ਵਿੱਚ ਨਵੀਂ ਬਣੀ ਇਮਾਰਤ ਦੀ ਮਿਆਦ 50 ਸਾਲ ਦੀ ਸੀ ਪਰ ਇਸ ਇਮਾਰਤ ਨੂੰ ਪਹਿਲਾਂ ਹੀ ਢਹਿ-ਢੇਰੀ ਕਰਕੇ ਸਿਆਸੀ ਆਗੂਆਂ ਨੇ ਆਪਣੇ ਹੱਥਾਂ ਵਿੱਚ ਲੈ ਲਿਆ। ਇਸ ਤਰ੍ਹਾਂ ਸਰਕਾਰੀ ਪੈਸੇ ਦੀ ਦੁਰਵਰਤੋਂ ਹੋਈ ਅਤੇ ਨਾਲ ਹੀ ਇਸ ਵਿਰਾਸਤੀ ਇਮਾਰਤ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਉਨ੍ਹਾਂ ਆਖਿਆ ਕਿ ਭਰੋੋਸਗੀ ਕਮੇਟੀ ਮਾਮਲੇ ਦੀ ਪੜਤਾਲ ਕਰਕੇ ਸੱਚ ਸਾਹਮਣੇ ਲਿਆਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਪਹਿਲਾਂ ਅਜਿਹੇ ਦੀ ਮੰਤਵ ਨਾਲ ਸੈਂਟਰਲ ਜੇਲ੍ਹ ਵੇਚੀ ਗਈ ਅਤੇ ਫਿਰ ਨਹਿਰੀ ਵਿਭਾਗ ਦੀ ਇਮਾਰਤ ਨੂੰ ਵੇਚਿਆ ਗਿਆ। ਇਹ ਕਮੇਟੀ ਇਸ ਮਾਮਲੇ ਦੀ ਵੀ ਜਾਂਚ ਕਰੇਗੀ। ਚੇਅਰਮੈਨ ਨੇ ਕਿਹਾ ਕਿ ਭਰੋਸਗੀ ਕਮੇਟੀ ਆਪਣੀ ਰਿਪੋਰਟ ਵਿਧਾਨ ਸਭਾ ਨੂੰ ਪੇਸ਼ ਕਰੇਗੀ ਜਿਸ ਮਗਰੋਂ ਸਰਕਾਰ ਵੱਲੋਂ ਕਾਰਵਾਈ ਕੀਤੀ ਜਾਵੇਗੀ। ਵਿਧਾਇਕ ਮਦਨ ਲਾਲ ਬੱਗਾ ਨੇ ਕਿਹਾ ਕਿ ਕਮੇਟੀ ਸੂਬੇ ਦਾ ਦੌਰਾ ਕਰਕੇ ਸਰਕਾਰੀ ਇਮਾਰਤਾਂ ’ਤੇ ਹੋਏ ਕਬਜ਼ਿਆਂ ਦੀ ਰਿਪੋਰਟ ਤਿਆਰ ਕਰੇਗੀ।
‘ਬਹਬਿਲ ਕਲਾਂ ਕਾਂਡ ਦੇ ਮੁਲਜ਼ਮ ਬਖਸ਼ੇ ਨਹੀਂ ਜਾਣਗੇ’
ਬੇਅਦਬੀ ਦੇ ਗੋਲੀਕਾਂਡ ਮਾਮਲੇ ਬਾਰੇ ਸਵਾਲ ਦੇ ਜਵਾਬ ਵਿੱਚ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਨਸ਼ਾ ਤਸਕਰਾਂ ਅਤੇ ਬਹਬਿਲ ਕਲਾਂ ਕਾਂਡ ਦੇ ਦੋਸ਼ੀਆਂ ਨੁੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਬਹਬਿਲ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਹੀ ਆਪਣੀ ਨੌਕਰੀ ਤੋਂ ਅਸਤੀਫ਼ਾ ਦਿੱਤਾ ਸੀ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ।