ਪੱਤਰ ਪ੍ਰੇਰਕ
ਮੋਰਿੰਡਾ, 19 ਜੂਨ
ਕਮਿਊਨਿਟੀ ਸਿਹਤ ਸੈਂਟਰ ਮੋਰਿੰਡਾ (ਸੀਐੱਚਸੀ) ਜਿਹੜਾ ਕਿ ਲਗਪਗ ਇਲਾਕੇ ਦੇ 50 ਤੋਂ ਵੱਧ ਪਿੰਡਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਦਾ ਹੈ ਅੱਜ ਕੱਲ੍ਹ ਖ਼ੁਦ ਬਿਮਾਰ ਚੱਲ ਰਿਹਾ ਹੈ, ਜਿਸ ਕਾਰਨ ਇਥੇ ਇਲਾਜ ਕਰਵਾਉਣ ਆ ਰਹੇ ਮਰੀਜ਼ਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਹਤ ਸਹੂਲਤਾਂ ਅਤੇ ਬਿਜਲੀ ਪ੍ਰਬੰਧਾਂ ਦੀ ਘਾਟ ਕਾਰਨ ਮਰੀਜ਼ ਪ੍ਰੇਸ਼ਾਨ ਹਨ। ਇਸ ਹਸਪਤਾਲ ਵਿੱਚ ਜਨਰੇਟਰ ਅਤੇ ਇਨਵਰਟਰ ਦੋਵੇਂ ਹੀ ਖਰਾਬ ਹਨ। ਜਦੋਂ ਕਦੇ ਵੀ ਬਿਜਲੀ ਦਾ ਕੱਟ ਲੱਗਦਾ ਹੈ ਜਾਂ ਕੋਈ ਤਕਨੀਕੀ ਸਮੱਸਿਆ ਆ ਜਾਂਦੀ ਹੈ ਤਾਂ ਇਸ ਹਸਪਤਾਲ ਵਿਚ ਬਿਜਲੀ ਦਾ ਕੋਈ ਸਾਧਨ ਨਹੀਂ ਬੱਚਦਾ।
ਹਸਪਤਾਲ ਵਿੱਚ ਤਿੰਨ ਐਂਬੂਲੈਂਸਾਂ ਹਨ, ਜਿਨ੍ਹਾਂ ਵਿੱਚੋਂ ਵੱਡੀਆਂ ਦੋ ਐਂਬੂਲੈਂਸਾਂ ਲੰਮੇ ਸਮੇਂ ਤੋਂ ਖਰਾਬ ਹਨ। ਇਸ ਸਬੰਧੀ ਅੰਮ੍ਰਿਤਪਾਲ ਸਿੰਘ ਖਟੜਾ, ਕੌਂਸਲਰ ਜਗਪਾਲ ਸਿੰਘ ਜੌਲੀ ਨੇ ਦੱਸਿਆ ਕਿ ਬੀਤੀ ਰਾਤ ਲਗਪਗ ਅੱਠ ਵਜੇ ਤੋਂ ਲੈ ਕੇ ਸਾਢੇ ਗਿਆਰਾਂ ਵਜੇ ਤੱਕ ਬਿਜਲੀ ਬੰਦ ਰਹੀ। ਹਸਪਤਾਲ ਵੱਲੋਂ ਕੁੱਝ ਮਰੀਜ਼ਾਂ ਨੂੰ ਤਾਂ ਰਾਤ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ, ਪਰ ਕੁੱਝ ਗਰਭਵਤੀ ਔਰਤਾਂ ਨੂੰ ਮਜਬੂਰਨ ਹਸਪਤਾਲ ਵਿੱਚ ਹੀ ਰੱਖਣਾ ਪਿਆ। ਮਰੀਜ਼ਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਸਪਤਾਲ ਦੇ ਅਹਾਤੇ ਵਿੱਚ ਪਾਣੀ ਖੜ੍ਹਾ ਹੈ ਤੇ ਸਫ਼ਾਈ ਦਾ ਮੰਦਾ ਹਾਲ ਹੈ। ਇਸ ਹਸਪਤਾਲ ਵਿੱਚ ਨਸ਼ਾ ਛੁਡਾਊ ਕੇਂਦਰ ਬਣਿਆ ਹੋਣ ਕਾਰਨ ਨਸ਼ੇੜੀ ਸਾਰਾ ਦਿਨ ਹੀ ਹਸਪਤਾਲ ਵਿੱਚ ਘੁੰਮਦੇ ਰਹਿੰਦੇ ਹਨ, ਜਿਸ ਨਾਲ ਮਰੀਜ਼ਾਂ ਅਤੇ ਸਟਾਫ ਮੈਂਬਰਾਂ ਨੂੰ ਦਿੱਕਤਾਂ ਆਊਂਦੀਆਂ ਹਨ। ਲੋਕਾਂ ਨੇ ਸਿਹਤ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਪਹਿਲ ਦੇ ਆਧਾਰ ’ਤੇ ਇਸ ਹਸਪਤਾਲ ਦਾ ਸੁਧਾਰ ਕੀਤਾ ਜਾਵੇ।