ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 28 ਸਤੰਬਰ
ਪੁਲੀਸ ਚੌਕੀ ਦੀਨਾ ਸਾਹਿਬ ਦੇ ਇੱਕ ਮੁਲਾਜ਼ਮ ਵੱਲੋਂ ਪਿੰਡ ਬੁਰਜ ਹਮੀਰਾ ਦੇ ਇਕ ਵਿਅਕਤੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਲੁਧਿਆਣਾ ਰੈਫਰ ਕੀਤਾ ਹੈ।
ਜਾਣਕਾਰੀ ਮੁਤਾਬਿਕ ਸਿਵਲ ਹਸਪਤਾਲ ਨਿਹਾਲ ਸਿੰਘ ਵਾਲਾ ਵਿੱਚ ਦਾਖ਼ਲ ਪੀੜਤ ਵਿਅਕਤੀ ਸੇਵਕ ਸਿੰਘ (38) ਪੁੱਤਰ ਜਗਜੀਤ ਸਿੰਘ ਵਾਸੀ ਬੁਰਜ ਹਮੀਰਾ ਨੇ ਦੱਸਿਆ ਕਿ ਉਸ ਦਾ ਪਿੰਡ ਦੇ ਇੱਕ ਵਿਅਕਤੀ ਨਾਲ ਝਗੜਾ ਚੱਲ ਰਿਹਾ ਸੀ, ਪਰ ਉਨ੍ਹਾਂ ਦਾ ਰਾਜ਼ੀਨਾਮਾ ਹੋ ਗਿਆ ਸੀ। ਉਸ ਨੇ ਦੱਸਿਆ ਕਿ ਉਸ ਨੂੰ ਪੁਲੀਸ ਚੌਕੀ ਦੀਨਾ ਸਾਹਿਬ ਪੁੱਜਣ ਲਈ ਫੋਨ ਆਇਆ ਸੀ ਤੇ ਜਦੋਂ ਉਹ ਪੁਲੀਸ ਚੌਕੀ ਪਹੁੰਚਿਆ ਤਾਂ ਪੁਲੀਸ ਮੁਲਾਜ਼ਮਾਂ ਨੇ ਉੱਚ ਅਧਿਕਾਰੀਆਂ ਨੂੰ ਝੂਠੀਆਂ ਦਰਖ਼ਾਸਤਾਂ ਦੇਣ ਦੇ ਦੋਸ਼ ਹੇਠ ਉਸ ਦੀ ਕੁੱਟਮਾਰ ਕੀਤੀ। ਉਸ ਦੀ ਹਾਲਤ ਗੰਭੀਰ ਹੋਣ ਮਗਰੋਂ ਚੌਕੀ ਇੰਚਾਰਜ ਗੁਰਸੇਵਕ ਸਿੰਘ ਨਿਹਾਲ ਸਿੰਘ ਵਾਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਉਸ ਨੂੰ ਲੈ ਗਿਆ, ਜਿਥੇ ਮੁੱਢਲੀ ਸਹਾਇਤਾ ਦੇ ਕੇ ਸਰਕਾਰੀ ਹਸਪਤਾਲ ਨਿਹਾਲ ਸਿੰਘ ਵਾਲਾ ਭੇਜ ਦਿੱਤਾ ਤੇ ਉਥੋਂ ਡਾਕਟਰਾਂ ਨੇ ਸੇਵਕ ਸਿੰਘ ਦੀ ਹਾਲਤ ਵਿਗੜਨ ਕਾਰਨ ਲੁਧਿਆਣਾ ਰੈਫਰ ਕਰ ਦਿੱਤਾ।
ਪੀੜਤ ਦੇ ਪਿੰਡ ਵਾਸੀਆਂ ਨੇ ਪੁਲੀਸ ਦੇ ਉੱਚ ਅਧਿਕਾਰੀਆਂ ਤੋਂ ਇਨਸਾਫ਼ ਦੀ ਮੰਗ ਕਰਦਿਆਂ ਕਸੂਰਵਾਰ ਅਧਿਕਾਰੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਧਰ ਚੌਕੀ ਦੀਨਾ ਸਾਹਿਬ ਦੇ ਇੰਚਾਰਜ ਗੁਰਸੇਵਕ ਸਿੰਘ ਨੇ ਦੋਸ਼ਾਂ ਨਕਾਰਦਿਆਂ ਕਿਹਾ ਕਿ ਇਸ ਮਾਮਲੇ ਨੂੰ ਸਿਆਸੀ ਰੰਗ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਥਾਣਾ ਨਿਹਾਲ ਸਿੰਘ ਵਾਲਾ ਦੇ ਮੁੱਖ ਅਫ਼ਸਰ ਪਲਵਿੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।