ਐੱਨਪੀ ਧਵਨ
ਪਠਾਨਕੋਟ, 3 ਨਵੰਬਰ
ਪੁਲੀਸ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਡੇਰਾ ਬਾਬਾ ਨਾਨਕ ਵਿੱਚ ਹੋਣ ਵਾਲੀ ਰੈਲੀ ਤੋਂ ਪਹਿਲਾਂ ਅੱਜ ਤੜਕੇ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪਠਾਨਕੋਟ ਦੇ ਕਨਵੀਨਰ ਰਾਕੇਸ਼ ਸੈਣੀ ਨੂੰ ਚੁੱਕ ਲਿਆ ਅਤੇ ਉਸ ਨੂੰ ਥਾਣਾ ਡਿਵੀਜ਼ਨ ਨੰਬਰ-1 ਵਿੱਚ ਲਿਆਂਦਾ। ਇਸ ਦਾ ਪਤਾ ਚੱਲਦਿਆਂ ਹੀ ਕੰਪਿਊਟਰ ਅਧਿਆਪਕ ਡੀਐੱਸਪੀ ਸਿਟੀ ਦੇ ਦਫ਼ਤਰ ਅੱਗੇ ਇਕੱਠੇ ਹੋ ਗਏ। ਉਨ੍ਹਾਂ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਰਾਕੇਸ਼ ਸੈਣੀ ਨੂੰ ਛੱਡਣ ਦੀ ਮੰਗ ਕੀਤੀ। ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਲੇ ਝੰਡੇ ਦਿਖਾਉਣ ਦਾ ਪ੍ਰੋਗਰਾਮ ਸੀ। ਇਸ ਮੌਕੇ ਸੰਜੀਵ ਕੁਮਾਰ, ਮਹਿਲਾ ਜ਼ਿਲ੍ਹਾ ਪ੍ਰਧਾਨ ਪ੍ਰਿਯੰਕਾ ਵਸ਼ਿਸ਼ਠ, ਪ੍ਰਵੀਨ ਕੁਮਾਰ, ਬਿੰਦੂ ਰਿਖੀ, ਨਵਨੀਤ ਸ਼ਰਮਾ, ਸਤਵੀਰ, ਵਿਕਰਮ ਆਜ਼ਾਦ, ਪ੍ਰਦੀਪ ਸ਼ਰਮਾ, ਕਮਲਜੀਤ, ਪ੍ਰਿਯੰਕਾ, ਰਵੀਨ ਕਮਲ, ਅਮਿਤ ਕੁਮਾਰ, ਨੀਰਜ ਸ਼ਰਮਾ ਆਦਿ ਸ਼ਾਮਲ ਸਨ। ਪੁਲੀਸ ਨੇ ਹਾਲਾਂਕਿ, ਰਾਕੇਸ਼ ਸੈਣੀ ਨੂੰ ਸ਼ਾਮ ਨੂੰ ਛੱਡ ਦਿੱਤਾ। ਆਗੂਆਂ ਕਿਹਾ ਕਿ ਉਨ੍ਹਾਂ ਦੇ ਮੈਂਬਰ ਦੀ ਗ੍ਰਿਫ਼ਤਾਰੀ ਸੰਘਰਸ਼ ਕਮੇਟੀ ਵੱਲੋਂ ਸ਼ੁਰੂ ਕੀਤੇ ਸੰਘਰਸ਼ ਨੂੰ ਰੋਕ ਨਹੀਂ ਸਕੇਗੀ। ਉਨ੍ਹਾਂ ਕਿਹਾ ਕਿ ਸੰਗਰੂਰ ਵਿੱਚ ਪਿਛਲੇ 60 ਦਿਨਾਂ ਤੋਂ ਧਰਨਾ ਚੱਲ ਰਿਹਾ ਹੈ ਅਤੇ ਇਸੇ ਲੜੀ ਤਹਿਤ ਅੱਜ ਹਲਕਾ ਡੇਰਾ ਬਾਬਾ ਨਾਨਕ ਵਿੱਚ ਮੁੱਖ ਮੰਤਰੀ ਦੀ ਹੋਣ ਜਾ ਰਹੀ ਚੋਣ ਰੈਲੀ ਦੌਰਾਨ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਉਣ ਦਾ ਪ੍ਰੋਗਰਾਮ ਨਿਰਧਾਰਿਤ ਕੀਤਾ ਗਿਆ ਸੀ ਪਰ ਪੁਲੀਸ ਨੇ ਉਨ੍ਹਾਂ ਦੇ ਕਨਵੀਨਰ ਨੂੰ ਪਹਿਲਾਂ ਹੀ ਹਿਰਾਸਤ ਵਿੱਚ ਲੈ ਲਿਆ। ਉਨ੍ਹਾਂ ਸਰਕਾਰ ’ਤੇ ਧੱਕੇਸ਼ਾਹੀ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸੰਘਰਸ਼ ਨੂੰ ਕੋਈ ਵੀ ਨਹੀਂ ਰੋਕ ਸਕੇਗਾ।