ਐਨਪੀ. ਧਵਨ
ਪਠਾਨਕੋਟ, 22 ਅਗਸਤ
ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਵੱਲੋਂ ਰੱਖੜੀ ਦਾ ਤਿਉਹਾਰ ਭਾਰਤ-ਪਾਕ ਜ਼ੀਰੋ ਲਾਈਨ ’ਤੇ ਵੱਸੇ ਪਿੰਡ ਸਿੰਬਲ ਸਕੋਲ ਦੀ ਬੀਐੱਸਐੱਫ ਪੋਸਟ ’ਤੇ ਬਣੀ 1971 ਦੇ ਭਾਰਤ-ਪਾਕ ਜੰਗ ਦੇ ਸ਼ਹੀਦ ਹੋਣ ਵਾਲੇ ਕਮਲਜੀਤ ਦੀ ਸਮਾਧ ’ਤੇ ਪਿੰਡ ਦੀਆਂ ਭੈਣਾਂ ਨੂੰ ਨਾਲ ਲੈ ਕੇ ਮਨਾਇਆ ਗਿਆ ਤੇ ਉਥੇ ਸਮਾਧ ’ਤੇ ਬੀਐੱਸਐੱਫ ਦੇ ਜਵਾਨਾਂ ਨੂੰ ਰੱਖੜੀਆਂ ਬੰਨ੍ਹੀਆਂ ਗਈਆਂ।
ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਦੱਸਿਆ ਕਿ 43 ਸਾਲ ਤੱਕ ਤਾਂ ਸ਼ਹੀਦ ਕਮਲਜੀਤ ਦੀ ਭੈਣ ਅਮ੍ਰਿਤਪਾਲ ਕੌਰ ਜਲੰਧਰ ਤੋਂ ਪੁੱਜ ਕੇ ਹਰ ਸਾਲ ਆਪਣੇ ਭਰਾ ਦੀ ਸਮਾਧ ’ਤੇ ਰੱਖੜੀ ਬੰਨ੍ਹਦੀ ਰਹੀ ਪਰ 5 ਸਾਲ ਪਹਿਲਾਂ ਉਸ ਦੀ ਮੌਤ ਹੋ ਗਈ ਸੀ। ਜਿਸ ’ਤੇ ਪ੍ਰੀਸ਼ਦ ਨੇ ਪਿੰਡ ਦੀਆਂ ਭੈਣਾਂ ਨੂੰ ਨਾਲ ਲੈ ਕੇ ਇਸ ਪਰੰਪਰਾ ਨੂੰ ਜਾਰੀ ਰੱਖਿਆ। ਇਸੇ ਪਰੰਪਰਾ ਤਹਿਤ ਅੱਜ ਵੀ ਇਹ ਤਿਉਹਾਰ ਇਥੇ ਮਨਾਇਆ ਗਿਆ।
ਇਸ ਵਾਰ ਜਿਸ ਪਿੰਡ ਸਿੰਬਲ ਨੂੰ ਬਚਾਉਂਦੇ ਹੋਏ ਕਮਲਜੀਤ ਨੇ 1971 ਵਿੱਚ ਸ਼ਹਾਦਤ ਦਿੱਤੀ ਸੀ, ਉਸ ਪਿੰਡ ਦੀ ਮਨਦੀਪ ਕੌਰ ਤੇ ਹਰਪ੍ਰੀਤ ਕੌਰ ਨੇ ਪ੍ਰੀਸ਼ਦ ਮੈਂਬਰਾਂ ਦੇ ਨਾਲ ਸ਼ਹੀਦ ਦੀ ਸਮਾਧੀ ’ਤੇ ਰੇਸ਼ਮ ਦੀ ਡੋਰੀ ਬੰਨ੍ਹ ਕੇ ਪਰੰਪਰਾ ਨੂੰ ਬਰਕਰਾਰ ਰੱਖਿਆ। ਉਨ੍ਹਾਂ ਨੇ ਨਮ ਅੱਖਾਂ ਨਾਲ ਦੱਸਿਆ ਕਿ ਪਿੰਡ ਸਿੰਬਲ ਦੇ ਲੋਕ ਕਮਲਜੀਤ ਨੂੰ ਅੱਜ ਵੀ ਇਕ ਮਸੀਹਾ ਦੇ ਰੂਪ ਵਜੋਂ ਪੂਜਦੇ ਹਨ। ਇਸ ਦੇ ਇਲਾਵਾ ਉਨ੍ਹਾਂ ਨੇ ਪੋਸਟ ’ਤੇ ਤਾਇਨਾਤ ਬੀਐੱਸਐੱਫ ਦੇ ਕੰਪਨੀ ਕਮਾਂਡਰ ਠੁੱਕਲ ਮਹਾਂਦੇਓ ਤੇ ਜਵਾਨਾਂ ਦੇ ਗੁੱਟ ’ਤੇ ਰੱਖੜੀ ਬੰਨ੍ਹ ਕੇ ਉਨ੍ਹਾਂ ਨੂੰ ਇਹ ਅਹਿਸਾਸ ਕਰਵਾਇਆ ਕਿ ਬੇਸ਼ੱਕ ਉਨ੍ਹਾਂ ਦੀਆਂ ਭੈਣਾਂ ਹਜ਼ਾਰਾਂ ਕਿਲੋਮੀਟਰ ਦੂਰ ਬੈਠੀਆਂ ਹਨ ਪਰ ਰੱਖੜੀ ਬੰਨ੍ਹ ਕੇ ਆਪਣੀਆਂ ਭੈਣਾਂ ਦੀ ਯਾਦ ਦਿਵਾਈ ਹੈ।
ਇਸ ਮੌਕੇ ਸ਼ਹੀਦ ਕਰਨਲ ਕੇ.ਐਲ. ਗੁਪਤਾ ਦੇ ਭਰਾ ਸੁਰਿੰਦਰ ਗੁਪਤਾ, ਸ਼ਹੀਦ ਦੀਵਾਨ ਚੰਦ ਦੀ ਪਤਨੀ ਸੁਮਿਤਰੀ ਦੇਵੀ, ਸ਼ਹੀਦ ਅਸ਼ਵਨੀ ਕੁਮਾਰ ਦੇ ਭਰਾ ਬੁੂਈ ਲਾਲ, ਐਸਆਈ ਭੀਮ ਸਿੰਘ, ਸਰਪੰਚ ਪਰਮਜੀਤ ਕੌਰ, ਨਾਇਕ ਪੀਕੇ ਤਿਵਾਰੀ ਆਦਿ ਹਾਜ਼ਰ ਸਨ।