ਡਾ. ਪਿਆਰੇ ਲਾਲ ਗਰਗ
ਰੋਗ ਰੋਧਕਤਾ ਕਿਸੇ ਵਿਸ਼ੇਸ਼ ਬਿਮਾਰੀ ਦੇ ਸੰਕਰਮਣ ਨੂੰ ਨਹੀਂ ਰੋਕ ਸਕਦੀ ਪਰ ਸੰਕਰਮਣ ਹੋਣ ਮਗਰੋਂ ਉਸ ਵਿਸ਼ਾਣੂ ਜਾਂ ਜੀਵਾਣੂ ਰਾਹੀਂ ਵਿਅਕਤੀ ਨੂੰ ਰੋਗੀ ਹੋਣ ਤੋਂ ਬਚਾਉਂਦੀ ਹੈ। ਆਮ ਰੋਗ ਰੋਧਕਤਾ ਵਿਸ਼ੇਸ਼ ਬਿਮਾਰੀ ਨੂੰ ਨਹੀਂ ਰੋਕ ਸਕਦੀ ਕੇਵਲ ਬਿਮਾਰੀ ਹੋਣ ਦੇ ਮੌਕੇ ਘਟਾ ਸਕਦੀ ਹੈ। ਇਸ ਬਾਬਤ ਹਕੀਕਤ ਹੈ ਕਿ 1945 ਤੋਂ ਪਹਿਲਾਂ ਲੋਕ ਦੇਸੀ ਨੁਸਖੇ ਲੈਂਦੇ ਸਨ, ਕੁਦਰਤੀ ਭੋਜਨ ਅਤੇ ਦੇਸੀ ਸ਼ੁੱਧ ਵਸਤਾਂ ਦਾ ਸੇਵਨ ਹੀ ਕਰਦੇ ਸਨ ਪਰ ਫਿਰ ਵੀ ਹਰ ਸਾਲ ਚੇਚਕ ਅਤੇ ਹੋਰ ਵਾਇਰਲ ਬਿਮਾਰੀਆਂ ਨਾਲ ਲੱਖਾਂ ਮੌਤਾਂ ਹੁੰਦੀਆਂ ਰਹਿੰਦੀਆਂ ਸਨ। ਹਲਕਾਅ ਵੀ ਇਕ ਵਾਇਰਲ ਰੋਗ ਹੈ, ਜਿਸ ਨੂੰ ਹੋ ਜਾਵੇ ਉਹ ਬਚਿਆ ਨਹੀਂ, ਕੇਵਲ ਟੀਕਿਆਂ ਰਾਹੀਂ ਰੋਕਿਆ ਜਾ ਸਕਦਾ ਹੈ। ਇਸ ਲਈ ਵਾਇਰਲ ਬਿਮਾਰੀਆਂ ਪ੍ਰਤੀ ਸਮੂਹ ਵਿੱਚ ਸਬੰਧਤ ਬਿਮਾਰੀ ਪ੍ਰਤੀ ਰੋਗ ਰੋਧਕਤਾ ਹੋਣੀ ਜ਼ਰੂਰੀ ਹੈ। ਜੇਕਰ ਸਮਾਜ ਦੇ ਕਿਸੇ ਹਿੱਸੇ ਵਿੱਚ ਇੱਕ ਨਿਰਧਾਰਤ ਗਿਣਤੀ ਨੂੰ ਬਿਮਾਰੀ ਹੋਣ ਨਾਲ ਜਾਂ ਟੀਕੇ ਰਾਹੀਂ ਰੋਗ ਰੋਧਕਤਾ ਵਿਕਸਿਤ ਹੋ ਜਾਵੇ ਤਾਂ ਉਸ ਖਿੱਤੇ ਜਾਂ ਸਮੁਦਾਇ ਵਿੱਚ ਉਹ ਬਿਮਾਰੀ ਫ਼ੈਲਣ ਤੋਂ ਅਸਫ਼ਲ ਹੋ ਜਾਂਦੀ ਹੈ। ਇਸ ਨਿਰਧਾਰਤ ਗਿਣਤੀ ਵੱਸੋਂ ਵਿੱਚ ਵਿਸ਼ੇਸ਼ ਰੋਗ ਰੋਧਕਤਾ ਹੋਣ ਦੀ ਸਥਿਤੀ ਨੂੰ ਹਰਡ ਇਮਿਊਨਿਟੀ ਯਾਨੀ ਸਮੂਹ ਰੋਗ ਰੋਧਕਤਾ ਕਹਿੰਦੇ ਹਨ। ਕਰੋਨਾ ਦੇ ਮਾਮਲੇ ਵਿੱਚ ਵਸੋਂ ਦੀ ਇਹ ਦਰ 70 ਫ਼ੀਸਦੀ ਆਂਕੀ ਗਈ ਹੈ। ਯਾਨੀ ਜੇ 70 ਫ਼ੀਸਦੀ ਆਬਾਦੀ ਵਿੱਚ ਕਰੋਨਾ ਹੋ ਜਾਣ ਨਾਲ ਜਾਂ ਟੀਕੇ ਰਾਹੀਂ ਰੋਗ ਰੋਧਕਤਾ ਵਿਕਸਿਤ ਹੋ ਜਾਵੇ ਤਾਂ ਬਾਕੀ 30 ਫ਼ੀਸਦੀ ਆਬਾਦੀ ਨੂੰ ਰੋਗ ਹੋਣ ਦੀ ਸੰਭਾਵਨਾ ਨਿਗੂਣੀ ਰਹਿ ਜਾਂਦੀ ਹੈ। ਇਸ ਦਾ ਕਾਰਨ ਹੈ ਕਿ ਕਰੋਨਾਵਾਇਰਸ ਨੂੰ ਜਿਉਂਦਾ ਰਹਿਣ ਵਾਸਤੇ ਮਨੁੱਖੀ ਸੈੱਲ ਦੀ ਲੋੜ ਹੁੰਦੀ ਹੈ। ਹਰਡ ਇਮਿਊਨਿਟੀ ਕਾਰਨ ਕਰੋਨਾ ਨੂੰ ਲੋੜੀਂਦੀ ਗਿਣਤੀ ਵਿੱਚ ਮੇਜ਼ਬਾਨ ਨਹੀਂ ਮਿਲ ਸਕਣਗੇ, ਜਿਸ ਕਰਕੇ ਉਸ ਦਾ ਕਿਰਿਆਸ਼ੀਲ ਰਹਿਣਾ ਸੰਭਵ ਨਹੀਂ ਰਹੇਗਾ ਤੇ ਉਸ ਸਮੁਦਾਇ ਵਿੱਚੋਂ ਵਾਇਰਸ ਖਤਮ ਹੋ ਜਾਵੇਗਾ। ਸੰਪਰਕ: 99145-05009
‘ਭਾਰਤੀਆਂ ’ਚ ਅਜਿਹਾ ਕੋਈ ਜੀਨ ਨਹੀਂ, ਜੋ ਕਰੋਨਾ ਰੋਕਦਾ ਹੋਵੇ’
ਸ਼ੁਰੂਆਤੀ ਦੌਰ ਵਿੱਚ ਭਾਰਤ ’ਚ ਪ੍ਰਚਾਰ ਜ਼ੋਰਾਂ-ਸ਼ੋਰਾਂ ਨਾਲ ਹੁੰਦਾ ਰਿਹਾ ਕਿ ਸਾਡੇ ਜੀਨ ਤਕੜੇ ਹਨ, ਸਾਨੂੰ ਕਰੋਨਾ ਨਹੀਂ ਹੁੰਦਾ। ਵਿਗਿਆਨ ਅਨੁਸਾਰ ਇਹ ਧਾਰਨਾਵਾਂ ਗਲਤ ਹਨ। ਇਸ ਪ੍ਰਚਾਰ ਨੇ ਲੋਕਾਂ ਨੂੰ ਵੀ ਗੁਮਰਾਹ ਕੀਤਾ। ਅਜੇ ਤੱਕ ਭਾਰਤ ਦੀ ਆਬਾਦੀ ਵਿੱਚ ਕੋਈ ਅਜਿਹਾ ਜੀਨ ਨਹੀਂ ਪਾਇਆ ਗਿਆ ਜੋ ਕਰੋਨਾ ਨੂੰ ਰੋਕਦਾ ਹੋਵੇ। ਹਕੀਕਤ ਇਹ ਹੈ ਕਿ ਬਹੁਤ ਸਾਰੇ ਹੋਰ ਮੁਲਕਾਂ ਵਿੱਚ ਜਿੱਥੇ ਆਬਾਦੀ ਦਾ ਧਰਮ ਅਤੇ ਸਭਿਆਚਾਰ ਭਾਰਤ ਨਾਲੋਂ ਭਿੰਨ ਹੈ, ਆਰਥਿਕ ਤੇ ਸਮਾਜਕ ਹਾਲਾਤ ਸਾਡੇ ਵਰਗੇ ਹੀ ਹਨ ਕਰੋਨਾ ਦੇ ਕੇਸ ਅਤੇ ਕੇਸ ਮੌਤ ਦਰ ਸਾਡੇ ਨਾਲੋਂ ਕਿਤੇ ਘੱਟ ਹੈ। ਲਾਓਸ, ਕੰਬੋਡੀਆ, ਭੂਟਾਨ, ਮੰਗੋਲੀਆ, ਗਰੀਨਲੈਂਡ ਤੇ ਗਰਨੇਡਾ ਵਿੱਚ ਕੋਈ ਮੌਤ ਨਹੀਂ ਹੋਈ। ਸਾਡੇ ਗੁਆਂਢ ਤਾਇਵਾਨ ਵਿੱਚ ਇੱਕ, ਮਿਆਂਮਾਰ (ਬਰਮਾ) 8, ਸ੍ਰੀਲੰਕਾ 12, ਸਿੰਘਾਪੁਰ 27, ਵੀਅਤਨਾਮ 35 ਤੇ ਥਾਈਲੈਂਡ ਵਿੱਚ 58 ਮੌਤਾਂ ਹੀ ਹੋਈਆਂ ਹਨ। ਮੁਸਲਮਾਨ ਬਹੁ-ਗਿਣਤੀ ਦੇਸ਼ਾਂ ਵਿੱਚ ਕੇਸ ਮੌਤ ਦਰ 1 ਫ਼ੀਸਦੀ ਤੋਂ ਕਿਤੇ ਘੱਟ ਹੈ। ਕਤਰ 0.17, ਬਹਿਰੀਨ 0.36, ਸੰਯੁਕਤ ਅਰਬ ਅਮੀਰਾਤ 0.42 ਤੇ ਕੁਵੈਤ ਵਿੱਚ 0.61 ਫ਼ੀਸਦੀ ਹੈ। ਨੇਪਾਲ ਵਿੱਚ ਕੇਸ ਮੌਤ ਦਰ ਕੇਵਲ 0.63 ਫ਼ੀਸਦੀ ਹੈ। ਇਸ ਦੇ ਮੁਕਾਬਲੇ ਭਾਰਤ ਵਿੱਚ ਇਹ ਦਰ ਇਨ੍ਹਾਂ ਮੁਲਕਾਂ ਨਾਲੋਂ ਦੁੱਗਣੀ ਹੈ ਭਾਵ 1.72 ਫ਼ੀਸਦੀ। ਆਪਣੀ ਪਹੁੰਚ ਸਹੀ ਬਣਾਉਣ ਵਾਸਤੇ ਪਿਛਲੇ ਛੇ ਮਹੀਨਿਆਂ ਦੇ ਅੰਕੜੇ ਸਾਡੀ ਮਦਦ ਕਰ ਸਕਦੇ ਹਨ ਤਾਂ ਕਿ ਅਸੀਂ ਹੁਣ ਵੀ ਸੰਭਲ ਜਾਈਏ।