ਪਾਲ ਸਿੰਘ ਨੌਲੀ
ਜਲੰਧਰ,9 ਸਤੰਬਰ
ਸਰਕਾਰੀ ਦਫਤਰਾਂ ਵਿੱਚ ਕੰਮ ਕਰਵਾਉਣ ਆਉਣ ਤੋਂ ਪਹਿਲਾਂ ਕਰੋਨਾ ਟੈਸਟ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਦਫ਼ਤਰ ਕੰਪਲੈਕਸ ਅੰਦਰ ਆਪਣੇ ਡਰਾਈਵਿੰਗ ਲਾਇਸੈਂਸ ਬਣਵਾਉਣ ਅਤੇ ਨਵਿਆਉਣ ਲਈ ਆਏ ਲੋਕਾਂ ਨੂੰ ਅੱਜ ਉਸ ਵੇਲੇ ਖੱਜਲਖੁਆਰੀ ਝੱਲਣੀ ਪਈ ਜਦੋਂ ਉਨ੍ਹਾਂ ਨੂੰ ਲਾਈਨਾਂ `ਚ ਖੜ੍ਹੇ ਹੋਣ ਤੋਂ ਬਾਅਦ ਪਤਾ ਲੱਗਿਆ ਕਿ ਸਭ ਨੂੰ ਪਹਿਲਾ ਕਰੋਨਾ ਟੈਸਟ ਕਰਵਾਉਣਾ ਪਵੇਗਾ। ਐੱਸਡੀਐੱਮ ਜਲੰਧਰ ਦੋ ਦੇ ਦਫ਼ਤਰ ’ਚ ਡਰਾਈਵਿੰਗ ਲਾਇਸੈਂਸ ਬਣਵਾਉਣ ਆਏ ਲੋਕਾਂ ਨੂੰ ਤਸਵੀਰ ਖਿਚਵਾਉਣ ਤੋਂ ਪਹਿਲਾਂ ਸੈਂਪਲ ਦੇਣ ਲਈ ਕਿਹਾ ਗਿਆ। ਇਹ ਪਤਾ ਲੱਗਣ ਤੋਂ ਬਾਅਦ ਲੋਕਾਂ `ਚ ਹਫੜਾ-ਦਫੜੀ ਮਚ ਗਈ। ਲੋਕਾਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਉਹ ਸਵੇਰ ਤੋਂ ਲਾਈਨਾਂ `ਚ ਲੱਗੇ ਹੋਏ ਹਨ ਜਦੋਂ ਫੋਟੋ ਖਿਚਵਾਉਣ ਦੀ ਵਾਰੀ ਆਈ ਤਾਂ ਉਨ੍ਹਾਂ ਨੂੰ ਕਰੋਨਾ ਟੈਸਟ ਕਰਵਾਉਣ ਲਈ ਜ਼ੋਰ ਪਾਇਆ ਜਾ ਰਿਹਾ ਹੈ।
ਡਰਾਈਵਿੰਗ ਲਾਇੰਸੈਂਸ ਲਈ ਅਪਲਾਈ ਕਰਨ ਤੋਂ ਪਹਿਲਾਂ ਵੀ ਹੁਣ ਲੋਕਾਂ ਨੂੰ ਆਪਣਾ ਕਰੋਨਾ ਟੈਸਟ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਡੀਸੀ ਘਣਸ਼ਿਆਮ ਥੋਰੀ ਦੇ ਹੁਕਮਾਂ ’ਤੇ ਬੁੱਧਵਾਰ ਨੂੰ ਪ੍ਰਸ਼ਾਸਨਿਕ ਕੰਪਲੈਕਸ ’ਚ ਸਿਹਤ ਵਿਭਾਗ ਦੀਆਂ ਦੋ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ। ਇਕ ਟੀਮ ਸੁਵਿਧਾ ਸੈਂਟਰ ਤੇ ਦੂਜੀ ਟੀਮ ਡਰਾਈਵਿੰਗ ਲਾਇਸੈਂਸ ਕੇਂਦਰ ਬਾਹਰ ਤਾਇਨਾਤ ਕੀਤੀ ਗਈ ਹੈ।