ਸ਼ਸ਼ੀ ਪਾਲ ਜੈਨ
ਖਰੜ, 23 ਜੁਲਾਈ
ਖਰੜ ਸ਼ਹਿਰ ਅੰਦਰ ਅੱਜ ਉਸ ਸਮੇਂ ਅਜੀਬ ਅਤੇ ਹਾਸੋਹੀਣੇ ਹਾਲਾਤ ਬਣ ਗਏ, ਜਦੋਂ ਸਥਾਨਕ ਸਰਕਾਰਾਂ ਦੇ ਮੰਤਰੀ ਬ੍ਰਹਮ ਮਹਿੰਦਰਾ ਜਿਨ੍ਹਾਂ ਨੇ 24 ਜੁਲਾਈ ਨੂੰ ਇੱਥੇ ਕਈ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਵਾਉਣੀ ਸੀ ਤੋਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਖਰੜ ਨਗਰ ਕੌਂਸਲ ਦੀ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ ਨੇ ਕੁਝ ਕੰਮਾਂ ਦਾ ਉਦਘਾਟਨ ਕਰ ਦਿੱਤਾ। ਜ਼ਿਕਰਯੋਗ ਹੈ ਕਿ ਬ੍ਰਹਮ ਮਹਿੰਦਰਾ ਨੇ ਖਰੜ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਆਉਣਾ ਸੀ। ਉਨ੍ਹਾਂ ਨਾਲ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕਸਭਾ ਮੈਂਬਰ ਮਨੀਸ਼ ਤਿਵਾੜੀ ਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਵੀ 24 ਜੁਲਾਈ ਨੂੰ ਸ਼ਾਮੀ 4 ਵਜੇ ਸੰਤੇਮਾਜਰਾ ਵਿੱਚ ਸਪੋਰਟਸ ਕੰਪਲੈਕਸ, ਹਸਪਤਾਲ ਰੋਡ ਨੂੰ ਚੋੜਾ ਕਰਨ ਦਾ ਪ੍ਰਾਜੈਕਟ, ਚੋਈ ਨੂੰ ਪੱਕਾ ਕਰਨ ਦੇ ਪ੍ਰਾਜੈਕਟ ਅਤੇ ਪਿੰਡ ਝੁੰਗੀਆਂ ਵਿੱਚ ਕਮਿਊਨਿਟੀ ਸੈਂਟਰ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਰਖਣਾ ਸੀ। ਇਹ ਪ੍ਰੋਗਰਾਮ ਪਹਿਲਾਂ ਬਣ ਚੁੱਕਿਆ ਸੀ। ਪਰ ਅੱਜ ਖਰੜ ਨਗਰ ਕੌਂਸਲ ਦੀ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ ਨੇ ਪਿੰਡ ਝੁੰਗੀਆਂ ਵਿੱਚ ਬਨਣ ਵਾਲੇ ਕਮਿਊਨਿਟੀ ਸੈਂਟਰ, ਬਰਸਾਤੀ ਚੋਈ ਤੇ ਵਾਰਡ ਨੰਬਰ 3 ਤੇ 5 ਦੇ ਸਾਂਝੇ ਟਿਊਬਵੈੱਲ ਦਾ ਨੀਂਹ ਪੱਥਰ ਰੱਖ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਖਰੜ ਦੇ ਪ੍ਰਧਾਨ ਰਾਜਿੰਦਰ ਸਿੰਘ ਨੰਬਰਦਾਰ ਤੇ ਹੋਰ ਕੌਂਸਲਰ ਵੀ ਮੌਜੂਦ ਸਨ। ਇਸੇ ਦੌਰਾਨ ਖਰੜ ਬਲਾਕ ਕਾਂਗਰਸ ਦੇ ਪ੍ਰਧਾਨ ਯਸ਼ਪਾਲ ਬਾਂਸਲ ਤੇ ਜਨਰਲ ਸਕੱਤਰ ਬਾਬੂ ਸਿੰਘ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਦੇ ਮੰਤਰੀ ਦਾ ਪ੍ਰੋਗਰਾਮ ਦੇਖ ਕੇ ਕੌਸਲ ਪ੍ਰਧਾਨ ਤੇ ਅਕਾਲੀ ਦਲ ਦੇ ਮੈਂਬਰਾਂ ਨੇ ਪਹਿਲਾਂ ਹੀ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕੌਂਸਲ ਪ੍ਰਧਾਨ ਨੇ ਖਿਆਲ ਵੀ ਨਹੀਂ ਰੱਖਿਆ ਕਿ ਮੰਤਰੀ ਸਥਾਨਕ ਸਰਕਾਰਾਂ ਦੇ ਹਨ ਤੇ ਉਨ੍ਹਾਂ ਅਧੀਨ ਹੀ ਨਗਰ ਕੌਂਸਲ ਆਉਂਦੀ ਹੈ। ਦੂਜੇ ਪਾਸੇ ਰਾਜਿੰਦਰ ਸਿੰਘ ਨੰਬਰਦਾਰ ਨੇ ਕਿਹਾ ਕਿ ਇਹ ਸਾਰਾ ਕੁਝ ਖਰੜ ਨਗਰ ਕੌਂਸਲ ਦੀ ਪ੍ਰਧਾਨ ਦੀਆਂ ਕੋਸ਼ਿਸ਼ਾਂ ਨਾਲ ਹੀ ਸੰਭਵ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਕੌਂਸਲ ਪ੍ਰਧਾਨ ਦੀ ਮਿਹਨਤ ਸਦਕਾ ਹੀ ਚੋਈ ਦੇ ਕਿਨਾਰੇ ਰਹਿਣ ਵਾਲੇ ਲੋਕਾਂ ਨੂੰ ਗੰਦਗੀ ਤੋਂ ਨਿਜਾਤ ਮਿਲੇਗੀ।