ਫ਼ਤਿਹਗੜ੍ਹ ਸਾਹਿਬ, 26 ਮਈ
ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਅੱਜ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਜੇਕਰ ਦੇਸ਼ ਦਾ ਅਰਥਚਾਰਾ ਇੰਨੀ ਤੇਜ਼ ਰਫ਼ਤਾਰ ਨਾਲ ਤਰੱਕੀ ਕਰ ਰਿਹਾ ਹੈ ਤਾਂ ਫਿਰ ਦੇਸ਼ ਦੇ ਲੋਕਾਂ ਦਾ ਜੀਵਨ ਖੁ਼ਸ਼ਹਾਲ ਕਿਉਂ ਨਹੀਂ ਹੈ। ਫ਼ਤਿਹਗੜ੍ਹ ਸਾਹਿਬ ਤੋਂ ਪਾਰਟੀ ਉਮੀਦਵਾਰ ਅਮਰ ਸਿਘ ਦੇ ਹੱਕ ਵਿਚ ਚੋਣ ਪ੍ਰਚਾਰ ਕਰਦਿਆਂ ਪ੍ਰਿਅੰਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਦੋਸ਼ ਲਾਇਆ ਕਿ ਉਹ ‘ਸਿਰਫ਼ ਸੱਤਾ ਹਥਿਆਉਣ ਲਈ ਝੂਠ ਬੋਲ ਰਹੇ ਹਨ ਤੇ ਲੋਕਾਂ ਨਾਲ ਖੋਖਲੇ ਵਾਅਦੇ ਕਰ ਰਹੇ ਹਨ।’’ ਮੋਦੀ ਸਰਕਾਰ ’ਤੇ ਹੱਲਾ ਬੋਲਦਿਆਂ ਪ੍ਰਿਅੰਕਾ ਨੇ ਕਿਹਾ ਕਿ ਦੇਸ਼ ਦਾ 70 ਕਰੋੜ ਨੌਜਵਾਨ ਬੇਰੁਜ਼ਗਾਰ ਹੈ ਤੇ ਪਿਛਲੇ 45 ਸਾਲਾਂ ਵਿਚ ਬੇਰੁਜ਼ਗਾਰੀ ਆਪਣੇ ਸਿਖਰਲੇ ਪੱਧਰ ’ਤੇ ਹੈ। ਉਨ੍ਹਾਂ ਕਿਹਾ ਕਿ ਮੋਦੀ ਦੀ ਹਕੂਮਤ ਵਿਚ ਸਰਕਾਰੀ ਖੇਤਰ ਵਿਚ 30 ਲੱਖ ਤੋਂ ਵੱਧ ਪੋਸਟਾਂ ਖਾਲੀ ਪਈਆਂ ਹਨ। ਉਨ੍ਹਾਂ ਇਕੱਠ ਨੂੰ ਕਿਹਾ, ‘‘ਤਰੱਕੀ ਸਿਰਫ਼ ਟੀਵੀ ’ਤੇ ਹੀ ਨਜ਼ਰ ਆਉਂਦੀ ਹੈ ਤੇ ਤੁਹਾਡੀ ਜ਼ਿੰਦਗੀਆਂ ਵਿਚ ਕੋਈ ਵਿਕਾਸ ਨਹੀਂ ਹੋਇਆ।’’ -ਪੀਟੀਆਈ