ਜੋਗਿੰਦਰ ਸਿੰਘ ਮਾਨ
ਮਾਨਸਾ, 29 ਸਤੰਬਰ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁੱਖ ਮੁਲਜ਼ਮ ਸਚਨਿ ਬਿਸ਼ਨੋਈ ਉਰਫ਼ ਸਚਨਿ ਥਾਪਨ ਨੂੰ ਬਾਕੂ (ਅਜ਼ਰਬਾਈਜਾਨ) ਤੋਂ ਭਾਰਤ ਹਵਾਲੇ ਕੀਤੇ ਜਾਣ ਤੋਂ ਦੋ ਮਹੀਨੇ ਬਾਅਦ ਮਾਨਸਾ ਪੁਲੀਸ ਵੀਰਵਾਰ ਦੇਰ ਰਾਤ ਉਸ ਨੂੰ ਦਿੱਲੀ ਤੋਂ ਮਾਨਸਾ ਟਰਾਂਜ਼ਿਟ ਰਿਮਾਂਡ ‘ਤੇ ਲੈ ਕੇ ਆਈ। ਬਠਿੰਡਾ ਰੇਂਜ ਦੇ ਏਡੀਜੀਪੀ ਸੁਰਿੰਦਰਪਾਲ ਸਿੰਘ ਪਰਮਾਰ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਸ ਨੂੰ ਬੀਤੀ ਰਾਤ ਮਾਨਸਾ ਲਿਆਂਦਾ ਗਿਆ ਹੈ। ਮਾਨਸਾ ਦੇ ਸਵਿਲ ਹਸਪਤਾਲ ਤੋਂ ਉਸ ਦਾ ਮੈਡੀਕਲ ਕਰਾਉਣ ਤੋਂ ਬਾਅਦ ਉਸ ਨੂੰ ਇਥੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਪੁਲੀਸ ਨੂੰ 8 ਦਿਨ (6 ਅਕਤੂਬਰ ਤੱਕ) ਦਾ ਰਿਮਾਂਡ ਦਿੱਤਾ। ਸਚਨਿ, ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਤੀਜਾ ਹੈ, ਪਿਛਲੇ ਸਾਲ ਜਾਅਲੀ ਪਾਸਪੋਰਟ ਦੀ ਵਰਤੋਂ ਕਰਕੇ ਵਿਦੇਸ਼ ਭੱਜ ਗਿਆ ਸੀ। ਉਸ ਨੂੰ ਅਜ਼ਰਬਾਈਜਾਨ ਵਿਚ ਅਧਿਕਾਰੀਆਂ ਨੇ ਹਿਰਾਸਤ ਵਿਚ ਲਿਆ ਸੀ। ਉਹ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਦੀ ਹਿਰਾਸਤ ਵਿੱਚ ਸੀ।
ਮਾਨਸਾ ਪੁਲੀਸ ਦੇ ਅਧਿਕਾਰੀ ਨੇ ਕਿਹਾ ਕਿ ਸਚਨਿ ਉਨ੍ਹਾਂ ਚਾਰ ਗੈਂਗਸਟਰਾਂ ਵਿੱਚੋਂ ਇੱਕ ਹੈ, ਜਨਿ੍ਹਾਂ ਨੇ ਕਥਿਤ ਤੌਰ ‘ਤੇ ਸ਼ੁਰੂ ਤੋਂ ਹੀ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਮੂਸੇਵਾਲਾ ਦੇ ਕਤਲ ਤੋਂ ਠੀਕ ਪਹਿਲਾਂ ਸਚਨਿ ਨੇ ਜਾਅਲੀ ਪਾਸਪੋਰਟ ‘ਤੇ ਦੁਬਈ ਦੇ ਰਸਤੇ ਭਾਰਤ ਛੱਡ ਦਿੱਤਾ ਸੀ। ਐੱਸਆਈਟੀ ਦੇ ਮੈਂਬਰ ਨੇ ਦੱਸਿਆ, ‘ਉਹ ਦੱਖਣ-ਪੂਰਬੀ ਦਿੱਲੀ ਦੇ ਸੰਗਮ ਵਿਹਾਰ ਦੇ ਰਹਿਣ ਵਾਲੇ ਤਿਲਕ ਰਾਜ ਟੁਟੇਜਾ ਦੇ ਨਾਮ ਉੱਤੇ ਜਾਰੀ ਕੀਤੇ ਜਾਅਲੀ ਪਾਸਪੋਰਟ ਉੱਤੇ ਦੁਬਈ ਭੱਜ ਗਿਆ ਸੀ। ਬਾਅਦ ਵਿੱਚ ਉਸ ਨੇ ਅਜ਼ਰਬਾਈਜਾਨ ਦੀ ਰਾਜਧਾਨੀ ਬਾਕੂ ਲਈ ਉਡਾਣ ਭਰੀ, ਜਿੱਥੇ ਉਸਨੂੰ ਹਿਰਾਸਤ ਵਿੱਚ ਲਿਆ ਗਿਆ।’