ਚਰਨਜੀਤ ਭੁੱਲਰ
ਚੰਡੀਗੜ੍ਹ, 14 ਮਾਰਚ
ਆਮ ਆਦਮੀ ਪਾਰਟੀ ਦੇ ਨਵੇਂ ਬਣੇ ਵਿਧਾਇਕਾਂ ਦੇ ਘਰਾਂ ’ਚ ਰੌਣਕਾਂ ਜੁੜਨ ਲੱਗੀਆਂ ਹਨ ਜਦਕਿ ਹਾਰੇ ਉਮੀਦਵਾਰਾਂ ਦੇ ਘਰਾਂ ’ਚ ਸੁੰਨ ਪੱਸਰੀ ਪਈ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਬਾਦਲ ’ਚ ਪਹਿਲਾਂ ਵਾਲਾ ਜਲੌਅ ਨਹੀਂ ਰਿਹਾ। ਪੰਜਾਬ ਚੋਣਾਂ ’ਚ ਜਿੱਤ ਦੀ ਉਮੀਦ ਲਾਈ ਬੈਠਾ ਪਿੰਡ ਬਾਦਲ ਨਤੀਜੇ ਆਉਣ ਮਗਰੋਂ ਰਾਹਗੀਰਾਂ ਦੀ ਉਡੀਕ ਕਰਦਾ ਥੱਕ ਗਿਆ ਹੈ। ਦੂਜੇ ਪਾਸੇ ਹਲਕਾ ਭਦੌੜ ਤੋਂ ਜੇਤੂ ਰਹੇ ਲਾਭ ਸਿੰਘ ਉੱਗੋਕੇ ਦੇ ਘਰ ਚਾਅ ਨਹੀਂ ਚੁੱਕਿਆ ਜਾ ਰਿਹਾ। ਦੋ ਕਮਰਿਆਂ ਦੇ ਇਸ ਘਰ ਵਿੱਚ ਦਿਨ ਚੜ੍ਹਦਿਆਂ ਹੀ ਲੋਕਾਂ ਦੀ ਆਮਦ ਸ਼ੁਰੂ ਹੋ ਜਾਂਦੀ ਹੈ।
ਹਲਕਾ ਸਰਦੂਲਗੜ੍ਹ ਤੋਂ ‘ਆਪ’ ਦੇ ਜੇਤੂ ਗੁਰਪ੍ਰੀਤ ਸਿੰਘ ਦੇ ਪਿੰਡ ਬਣਾਂਵਾਲੀ ’ਚ ਵੀ ਰੌਣਕਾਂ ਹਨ। ਵਿਧਾਇਕ ਨੇ ਕਿਹਾ ਕਿ ਇਹ ਸਭ ਲੋਕਾਂ ਦਾ ਪ੍ਰਤਾਪ ਹੈ, ਜਿਨ੍ਹਾਂ ਉਨ੍ਹਾਂ ਦੇ ਵਿਹੜੇ ਨੂੰ ਭਾਗ ਲਾਏ ਹਨ। ਹਲਕਾ ਰਾਮਪੁਰਾ ਤੋਂ ਹਾਰੇ ਸਾਬਕਾ ਕਾਂਗਰਸੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਜੱਦੀ ਪਿੰਡ ਕਾਂਗੜ ’ਚ ਚੁੱਪ ਪੱਸਰੀ ਹੋਈ ਹੈ ਜਦਕਿ ਇਸੇ ਹਲਕੇ ਤੋਂ ਜੇਤੂ ਰਹੇ ‘ਆਪ’ ਦੇ ਬਲਕਾਰ ਸਿੱਧੂ ਦੀ ਕੋਠੀ ਵਿੱਚ ਮੇਲੇ ਵਰਗਾ ਮਾਹੌਲ ਹੈ। ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੇ ਹਾਰੇ ਸਾਬਕਾ ਵਜ਼ੀਰਾਂ ਦੀਆਂ ਕੋਠੀਆਂ ਹੁਣ ਸੁੰਨਸਾਨ ਪਈਆਂ ਹਨ। ਖਜ਼ਾਨਾ ਮੰਤਰੀ ਰਹੇ ਮਨਪ੍ਰੀਤ ਸਿੰਘ ਬਾਦਲ ਦੇ ਪਿੰਡ ਦਾ ਜੱਦੀ ਘਰ ਮਹਿਮਾਨਾਂ ਨੂੰ ਉਡੀਕ ਰਿਹਾ ਹੈ ਜਦਕਿ ਮਨਪ੍ਰੀਤ ਬਾਦਲ ਨੂੰ ਹਰਾਉਣ ਵਾਲੇ ਜਗਰੂਪ ਸਿੰਘ ਗਿੱਲ ਦੇ ਘਰ ਦਿਨ ਚੜ੍ਹਨ ਤੋਂ ਪਹਿਲਾਂ ਹੀ ਲੋਕਾਂ ਦਾ ਆਉਣ-ਜਾਣ ਸ਼ੁਰੂ ਹੋ ਜਾਂਦਾ ਹੈ। ਗਿੱਲ ਦੇ ਨੇੜਲੇ ਜਗਦੀਸ਼ ਸਿੰਘ ਨੇ ਦੱਸਿਆ ਕਿ ਵਧਾਈ ਦੇਣ ਲਈ ਦੇਰ ਰਾਤ ਲੋਕ ਮਿਲਣ ਆਉਂਦੇ ਹਨ ਤੇ ਵੱਡੀ ਗਿਣਤੀ ਲੋਕ ਫੋਨ ’ਤੇ ਵਧਾਈਆਂ ਦੇ ਰਹੇ ਹਨ।
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ‘ਆਪ’ ਆਗੂ ਗੁਰਮੀਤ ਸਿੰਘ ਖੁੱਡੀਆਂ ਦੇ ਜੱਦੀ ਪਿੰਡ ਖੁੱਡੀਆਂ ਦੀ ਹਵਾ ਵੀ ਹੁਣ ਬਦਲ ਗਈ ਹੈ। ਦਿਨ ਚੜ੍ਹਦੇ ਹੀ ਪਿੰਡ ’ਚ ਮੇਲਾ ਲੱਗ ਜਾਂਦਾ ਹੈ। ਫ਼ਰੀਦਕੋਟ ਤੋਂ ਹਾਰੇ ਉਮੀਦਵਾਰ ਕੁਸ਼ਲਦੀਪ ਢਿੱਲੋਂ ਦਾ ਘਰ ਸੁੰਨਾ ਲੱਗ ਰਿਹਾ ਹੈ, ਜਦਕਿ ‘ਆਪ’ ਦੇ ਗੁ
ਰਦਿੱਤ ਸਿੰਘ ਦੇ ਘਰ ਪੂਰਾ ਦਿਨ ਚਾਹ ਦਾ ਲੰਗਰ ਚੱਲਦਾ ਹੈ। ਇਸੇ ਤਰ੍ਹਾਂ ਸੰਗਰੂਰ ਤੋਂ ਜੇਤੂ ਰਹੀ ਨਰਿੰਦਰ ਕੌਰ ਭਰਾਜ ਦੇ ਪਿੰਡ ਦੀ ਪਛਾਣ ਹੁਣ ਆਲੇ-ਦੁਆਲੇ ਸਭ ਨੂੰ ਹੋ ਗਈ ਹੈ।
ਪਟਿਆਲਾ ਦੇ ਮੋਤੀ ਮਹਿਲ ’ਚੋਂ ਗਹਿਮਾ ਗਹਿਮੀ ਖੰਭ ਲਾ ਕੇ ਉੱਡ ਗਈ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਘਰ ਵੀ ਮੁੜ ਸ਼ਾਂਤ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵੱਡੀ ਗਿਣਤੀ ਆਗੂਆਂ ਨੂੰ ਤਾਂ ਹਾਲੇ ਵੀ ਆਪਣੀਆਂ ਹਾਰਾਂ ’ਤੇ ਯਕੀਨ ਨਹੀਂ ਆ ਰਿਹਾ।
‘ਆਪ’ ਵਿਧਾਇਕਾਂ ਨੇ ਸਰਗਰਮੀ ਵਧਾਈ
‘ਆਪ’ ਦੇ ਨਵੇਂ ਚੁਣੇ ਵਿਧਾਇਕਾਂ ਨੇ ਪਿੰਡਾਂ ਸ਼ਹਿਰਾਂ ਦੇ ਹਸਪਤਾਲਾਂ ਤੇ ਸਕੂਲਾਂ ਵਿੱਚ ਗੇੜੇ ਮਾਰਨੇ ਆਰੰਭ ਦਿੱਤੇ ਹਨ। ਸ਼ੁਤਰਾਣਾ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਅੱਜ ਪਿੰਡ ਦੇ ਸਕੂਲਾਂ ਦਾ ਦੌਰਾ ਕੀਤਾ। ਲੁਧਿਆਣਾ (ਕੇਂਦਰੀ) ਦੇ ਵਿਧਾਇਕ ਅਸ਼ੋਕ ਪੱਪੀ ਨੇ ਵੀ ਅੱਜ ਸਥਾਲਕ ਹਸਪਤਾਲ ਦੀ ਜਾਂਚ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਰਾਣਿਆਂ ਨੇ ਜੋ ਗ਼ਲਤ ਪਿਰਤ ਪਾਈ ਹੈ, ਉਸ ਨੂੰ ‘ਆਪ’ ਦੇ ਝਾੜੂ ਨਾਲ ਹੂੰਝਿਆ ਜਾਵੇਗਾ। ਟਾਂਡਾ ਤੋਂ ‘ਆਪ’ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਵਿੱਚ ਛਾਪਾ ਮਾਰਿਆ ਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਹਲਕਾ ਮੋਗਾ ਦੀ ਵਿਧਾਇਕਾ ਅਮਨਦੀਪ ਕੌਰ ਨੇ ਵੀ ਸਫ਼ਾਈ ਮੁਹਿੰਮ ਸ਼ੁਰੂ ਕੀਤੀ ਹੈ। ਇਸੇ ਦੌਰਾਨ ਬਠਿੰਡਾ ਜ਼ਿਲ੍ਹੇ ਦੇ ਥਾਣਿਆਂ ਵਿੱਚ ਸ਼ਹੀਦ ਭਗਤ ਸਿੰਘ ਅਤੇ ਬਾਬਾ ਅੰਬੇਡਕਰ ਦੀਆਂ ਤਸਵੀਰਾਂ ਲੱਗਣ ਲੱਗ ਪਈਆਂ ਹਨ।