ਖੇਤਰੀ ਪ੍ਰਤੀਨਿਧ
ਪਟਿਆਲਾ, 1 ਸਤੰਬਰ
ਸਰਕਾਰੀ ਰਾਜਿੰਦਰਾ ਹਸਪਤਾਲ, ਪਟਿਆਲਾ ਦੇ ਕੋਵਿਡ ਕੇਅਰ ਇੰਚਾਰਜ ਸੁਰਭੀ ਮਲਿਕ ਨੇ ਫੇਸਬੁਕ ’ਤੇ ਲਾਈਵ ਹੋ ਕੇ ਕਿਹਾ ਕਿ ਸਰਕਾਰ ਅਤੇ ਡਾਕਟਰਾਂ ਵੱਲੋਂ ਮਰੀਜ਼ ਵਧਾਉਣ ਦੀ ਕੋਈ ਪ੍ਰਕਿਰਿਆ ਨਹੀਂ ਚੱਲ ਰਹੀ। ਉਨ੍ਹਾਂ ਨੇ ਮਰੀਜ਼ਾਂ ਦੇ ਅੰਗ ਕੱਢੇ ਜਾਣ ਦੀਆਂ ਅਫ਼ਵਾਹਾਂ ਦਾ ਵੀ ਖੰਡਨ ਕੀਤਾ ਤੇ ਕਿਹਾ ਕਿ ਅਜਿਹਾ ਕਰਨਾ ਸੰਭਵ ਹੀ ਨਹੀਂ। ਇੱਥੇ ਆਈਸੋਲੇਸ਼ਨ ਫੈਸਿਲਟੀ ’ਚ ਕੋਈ ਆਪਰੇਸ਼ਨ ਥੀਏਟਰ ਨਹੀਂ, ਜਿਥੇ ਅਜਿਹਾ ਕੀਤਾ ਜਾ ਸਕੇ। ਰਾਜਿੰਦਰਾ ਹਸਪਤਾਲ ’ਚ ਦਾਖਲ ਹੋਏ 1519 ’ਚੋਂ 1000 ਮਰੀਜ਼ ਠੀਕ ਹੋ ਕੇ ਘਰ ਜਾ ਚੁੱਕੇ ਹਨ ਜਾਂ ਐੱਲ-2 ਫੈਸਿਲਟੀ ’ਚ ਹਨ। ਰਾਜਿੰਦਰਾ ਹਸਪਤਾਲ ’ਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ 64 ਫੀਸਦੀ ਤੋਂ ਵਧ ਗਈ ਹੈ।
ਵੈਂਟੀਲੇਟਰ ’ਤੇ ਮਰੀਜ਼ਾਂ ਦੀ ਮੌਤ ਦਰ ਜ਼ਿਆਦਾ ਹੋਣ ਸਬੰਧੀ ਉਨ੍ਹਾਂ ਕਿਹਾ ਕਿ ਅਜਿਹੇ ਮਰੀਜ਼ਾਂ ਦੀ ਮੌਤ ਦਰ ਪੂਰੇ ਵਿਸ਼ਵ ਭਰ ’ਚ ਹੀ ਜ਼ਿਆਦਾ ਹੈ। ਕਿਸੇ ਮਰੀਜ਼ ਦੀ ਮੌਤ ਉਸ ਦੀ ਬਿਮਾਰੀ ਦੀ ਗੰਭੀਰਤਾ ਅਤੇ ਸਰੀਰਕ ਹਾਲਤ ’ਤੇ ਨਿਰਭਰ ਕਰਦੀ ਹੈ। ਰਾਜਿੰਦਰਾ ਹਸਪਤਾਲ ਵਿੱਚ ਗੰਭੀਰ ਮਰੀਜ਼ ਪੁੱਜਦੇ ਹਨ, ਜਿਸ ਕਰਕੇ ਮੌਤ ਦਰ ਵੀ ਜ਼ਿਆਦਾ ਹੋਣੀ ਸੁਭਾਵਕ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ’ਚ ਆਕਸੀਜਨ ਵਾਲੇ 600 ਬੈਡ ਹਨ ਅਤੇ 228 ਮਰੀਜ਼ ਦਾਖਲ ਹਨ। 105 ਮਰੀਜ਼ ਆਕਸੀਜਨ ਦੇ ਸਾਧਨਾਂ ’ਤੇ ਹਨ। ਇਥੇ 250 ਡਾਕਟਰ, 250 ਪੈਰਾਮੈਡੀਕਲ ਸਟਾਫ਼ ਸਮੇਤ ਐਨੇ ਹੀ ਅਟੈਂਡੈਂਟ ਤੇ ਸਫਾਈ ਕਰਮਚਾਰੀ ਹਨ।