ਸਰਬਜੀਤ ਸਿੰਘ ਭੱਟੀ
ਲਾਲੜੂ, 26 ਸਤੰਬਰ
ਨਗਰ ਕੌਂਸਲ ਲਾਲੜੂ ਅਧੀਨ ਅਉਂਦੇ ਪਿੰਡ ਘੋਲੂਮਾਜਰਾ ਵਿੱਚ ਸਸਕਾਰ ਕਰਨ ਲਈ ਕੋਈ ਪੱਕਾ ਸ਼ੈੱਡ ਜਾਂ ਸ਼ਮਸ਼ਾਨਘਾਟ ਨਾ ਹੋਣ ਕਾਰਨ ਕੱਲ੍ਹ ਬਰਸਾਤ ਵਾਲੇ ਦਿਨ ਬਹੁਤ ਹੀ ਹੈਰਾਨੀਜਨਕ ਘਟਨਾਕ੍ਰਮ ਵੇਖਣ ਨੂੰ ਮਿਲਿਆ, ਜਦੋਂ ਪਿੰਡ ਦੇ ਇਕ ਵਿਅਕਤੀ ਦਾ ਸਸਕਾਰ ਕਰਨ ਲਈ ਪਰਿਵਾਰ ਵਾਲਿਆਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਅਤੇ ਆਰਜ਼ੀ ਤੌਰ ’ਤੇ ਸ਼ੈੱਡ ਬਣਾ ਕੇ ਸਸਕਾਰ ਕਰਨਾ ਪਿਆ। ਵਾਰਡ ਨੰਬਰ 1 ਪਿੰਡ ਘੋਲੂਮਾਜਰਾ ਦੀ ਕੌਂਸਲਰ ਸੁਖਵੀਰ ਕੌਰ ਨੇ ਦੱਸਿਆ ਕਿ ਦੇਸ਼ ਦੀ ਅਜ਼ਾਦੀ ਦੇ 75 ਸਾਲ ਬੀਤ ਜਾਣ ਤੋਂ ਬਾਅਦ ਵੀ ਉਨ੍ਹਾਂ ਦੇ ਪਿੰਡ ਅੰਦਰ ਕੋਈ ਵੀ ਪੱਕਾ ਸ਼ਮਸ਼ਾਨਘਾਟ ਦਾ ਸ਼ੈੱਡ ਨਹੀਂ ਬਣਿਆ ਹੋਇਆ। ਕੱਲ੍ਹ ਭਾਰੀ ਅਤੇ ਤੇਜ਼ ਬਰਸਾਤ ਦੇ ਕਾਰਨ ਪਿੰਡ ਦੇ ਇਕ ਮ੍ਰਿਤਕ ਵਿਅਕਤੀ ਦਾ ਸਸਕਾਰ ਕਰਨ ਸਮੇਂ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਪਿੰਡ ਦੇ ਨੇੜਿਓਂ ਲੰਘਦੀ ਝਰਮਲ ਬਰਸਾਤੀ ਨਦੀ ਵਿੱਚ ਪਿੰਡ ਵਾਸੀ ਪਿਛਲੇ ਲੰਮੇ ਸਮੇਂ ਤੋਂ ਮ੍ਰਿਤਕ ਵਿਅਕਤੀਆਂ ਦਾ ਸਸਕਾਰ ਕਰਦੇ ਆ ਰਹੇ ਹਨ, ਪਰ ਬਰਸਾਤ ਕਾਰਨ ਨਦੀ ਵਿੱਚ ਪਾਣੀ ਆਉਣ ਕਰਕੇ ਵੱਡੀ ਮੁਸ਼ਕਲ ਪੇਸ਼ ਆਈ। ਪਿੰਡ ਵਾਸੀ ਗੁਲਜ਼ਾਰ ਸਿੰਘ, ਬਿਰਥਾ, ਗੁਰਮੇਲ ਸਿੰਘ, ਸੁਰਿੰਦਰ ਸਿੰਘ, ਕੇਵਲ ਸਿੰਘ ਨੇ ਦੱਸਿਆ ਕਿ ਪਿੰਡ ਦੇ 50 ਸਾਲਾ ਅਜੈਬ ਸਿੰਘ ਪੁੱਤਰ ਛੋਟੂ ਰਾਮ ਦਾ ਬਿਮਾਰੀ ਕਾਰਨ ਅਚਾਨਕ ਦੇਹਾਂਤ ਹੋ ਗਿਆ। ਬਰਸਾਤ ਕਾਰਨ ਸਸਕਾਰ ਕਰਨ ਲਈ ਕੋਈ ਥਾਂ ਨਾ ਹੋਣ ਕਰਕੇ ਆਰਜ਼ੀ ਤੌਰ ’ਤੇ ਲੋਹੇ ਦੀਆਂ ਚਾਦਰਾਂ ਖੜ੍ਹੀਆਂ ਕਰਕੇ ਮ੍ਰਿਤਕ ਦਾ ਸਸਕਾਰ ਕਰਨਾ ਪਿਆ। ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਕੌਂਸਲ ਦਾ ਪ੍ਰਧਾਨ ਆਪਣੇ ਅਹੁਦੇ ਤੋਂ ਤਿਆਗ ਪੱਤਰ ਦੇ ਚੁੱਕਾ ਹੈ, ਨਵਾਂ ਹਾਊਸ ਬਣਦੇ ਹੀ ਸਭ ਤੋਂ ਪਹਿਲਾਂ ਪਿੰਡ ਘੋਲੂਮਾਜਰਾ ਵਿੱਚ ਸ਼ਮਸ਼ਾਨਘਾਟ ਬਣਾਉਣ ਦਾ ਮਤਾ ਪਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਗਾਮੀ ਹਾਲਤ ਵਿੱਚ ਨਾਲ ਦੇ ਕਿਸੇ ਸ਼ਮਸ਼ਾਨਘਾਟ ਵਿੱਚ ਵੀ ਸਸਕਾਰ ਕੀਤਾ ਜਾ ਸਕਦਾ ਹੈ। ਐੱਸ.ਡੀ.ਐੱਮ ਡੇਰਾਬਸੀ ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਕੁਝ ਲੋਕ ਸ਼ਮਸ਼ਾਨਘਾਟ ਦੀ ਉਸਾਰੀ ਵਿੱਚ ਵਿਘਨ ਪਾ ਰਹੇ ਹਨ, ਜਿਸ ਕਾਰਨ ਉਸਾਰੀ ਨਹੀਂ ਹੋ ਸਕੀ।
ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਵਾਰਡ ਨੰਬਰ 1, ਘੋਲੂਮਾਜਰਾ ’ਚ ਸ਼ਮਸ਼ਾਨਘਾਟ ਨਹੀਂ ਹੈ। ਉਨ੍ਹਾਂ ਕਹਾ ਕਿ ਸੈਸ਼ਨ ਖਤਮ ਹੋਣ ਤੋਂ ਬਾਅਦ ਕੌਂਸਲ ਦੀ ਹਾਊਸ ਦੀ ਪਹਿਲੀ ਮੀਟਿੰਗ ’ਚ ਇਹ ਮਾਮਲਾ ਰੱਖ ਕੇ ਸ਼ਮਸ਼ਾਨਘਾਟ ਦੀ ਉਸਾਰੀ ਕਰਵਾਈ ਜਾਵੇਗੀ।