ਬੀ.ਐੱਸ. ਚਾਨਾ
ਸ੍ਰੀ ਆਨੰਦਪੁਰ ਸਾਹਿਬ, 14 ਅਗਸਤ
ਭਾਰਤ-ਪਾਕਿਸਤਾਨ ਵੰਡ ਮੌਕੇ ਵਾਪਰੇ ਦੁਖਾਂਤ ਨੂੰ ਯਾਦ ਕਰਦਿਆਂ ਅੱਜ ‘ਵਿਰਾਸਤ-ਏ-ਖਾਲਸਾ’ ਵਿੱਚ ‘ਵੰਡ ਦੀ ਭਿਆਨਕਤਾ ਯਾਦ ਦਿਵਸ’ ਮਨਾਇਆ ਗਿਆ। ਇਸ ਦੌਰਾਨ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। 1947 ਦੇ ਭਾਰਤ-ਪਾਕਿਸਤਾਨ ਵੰਡ ਦੇ ਦੁਖਾਂਤ ਵਿੱਚ ਜਾਨਾਂ ਗੁੁਆਉਣ ਵਾਲੇ ਪੰਜਾਬੀਆਂ ਨੂੰ ਯਾਦ ਕਰਨ ਲਈ ਅੱਜ ‘ਵਿਰਾਸਤ-ਏ-ਖਾਲਸਾ’ ਵਿੱਚ ‘ਵੰਡ ਦੀ ਭਿਆਨਕਤਾ ਯਾਦ ਦਿਵਸ’ ਸਬੰਧੀ ਵਿਸ਼ੇਸ਼ ਸਮਾਗਮ ਹੋਇਆ। ਇਸ ਮੌਕੇ ਤਹਿਸੀਲਦਾਰ ਅੰਮ੍ਰਿਤਵੀਰ ਸਿੰਘ ਨੇ ਸ਼ਹੀਦ ਸੈਨਿਕਾਂ ਅਤੇ ਆਜ਼ਾਦੀ ਘੁਲਾਟੀਏ ਦੇ ਪਰਿਵਾਰਾਂ ਦਾ ਸਵਾਗਤ ਕਰਦੇ ਹੋਏ ਦੱਸਿਆ ਕਿ ਜਿੱਥੇ ਸਮੂਹ ਦੇਸ਼ ਵਾਸੀ 15 ਅਗਸਤ ਨੂੰ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਨ, ਉੱਥੇ ਹੀ ਭਾਰਤ ਸਰਕਾਰ ਅਤੇ ਸੂਬਾ ਸਰਕਾਰ ਦੇ ਨਿਰਦੇਸ਼ਾਂ ਤਹਿਤ 14 ਅਗਸਤ ਨੂੰ ਵੰਡ ਦੀ ਭਿਆਨਕਤਾ ਯਾਦ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ, ‘‘ਸੰਨ 1947 ਦੀ ਵੰਡ ਵੇਲੇ ਲੱਖਾਂ ਲੋਕ ਆਪਣੀਆਂ ਜਾਨਾਂ ਤੋਂ ਹੱਥ ਧੋ ਬੈਠੇ ਸਨ ਜਦਕਿ ਬਹੁਤ ਵੱਡੀ ਅਬਾਦੀ ਨੂੰ ਆਪਣੇ ਘਰਾਂ ਤੋਂ ਉੱਜੜ ਕੇ ਦੂਜੀਆਂ ਥਾਵਾਂ ’ਤੇ ਜਾਣਾ ਪਿਆ ਸੀ। ਵੰਡ ਦੇ ਉਸ ਦੁਖਾਂਤ ਨੂੰ ਯਾਦ ਕਰਨ ਲਈ ਅੱਜ ‘ਵੰਡ ਦੀ ਭਿਆਨਕਤਾ’ ਬਾਰੇ ਨਵੀਂ ਪੀੜ੍ਹੀ ਨੂੰ ਜਾਣਕਾਰੀ ਦੇਣੀ ਬੇਹੱਦ ਜ਼ਰੂਰੀ ਹੈ। ਆਜ਼ਾਦੀ ਪ੍ਰਾਪਤ ਕਰਨ ਲਈ ਸਾਡੇ ਬਹਾਦੁਰ ਸੈਨਿਕਾਂ, ਦੇਸ਼ ਭਗਤਾਂ ਤੇ ਆਜ਼ਾਦੀ ਦੇ ਪ੍ਰਵਾਨੀਆਂ ਨੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ।’’
ਉਨ੍ਹਾਂ ਕਿਹਾ ਕਿ ਜਦੋਂ ਸੰਨ 1947 ਵਿੱਚ ਭਾਰਤ-ਪਾਕਿਸਤਾਨ ਦੀ ਵੰਡ ਕੀਤੀ ਗਈ ਤਾਂ ਲੱਖਾਂ ਲੋਕਾਂ ਨੂੰ ਆਪਣੇ ਘਰ-ਬਾਰ ਛੱਡ ਕੇ ਬੇਘਰ ਹੋਣਾ ਪਿਆ ਸੀ ਅਤੇ ਸਭ ਤੋਂ ਭਿਆਨਕ ਬਹੁਤ ਸਾਰੇ ਬੇਕਸੂਰ ਲੋਕਾਂ ਦੀ ਵੰਡ ਦੌਰਾਨ ਜਾਨ ਚਲੀ ਗਈ ਸੀ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਜਿੱਥੇ ਆਜ਼ਾਦੀ ਦਿਹਾੜੇ ਮਨਾਉਣੇ ਚਾਹੀਦੇ ਹਨ ਉੱਥੇ ਹੀ ਵੰਡ ਸਮੇਂ ਆਪਣੀਆਂ ਜਾਨਾਂ ਗੁਆਉਣ ਵਾਲੇ ਸ਼ਹੀਦਾਂ ਤੇ ਸੁਤੰਤਰਤਾ ਸੰਗਰਾਮੀਆਂ ਨੂੰ ਵੀ ਯਾਦ ਕਰਨਾ ਚਾਹੀਦਾ ਹੈ। ਇਸ ਮੌਕੇ ਸੁਤੰਤਰਤਾ ਸੰਗਰਾਮੀਆਂ ਤੇ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ। ‘ਵਿਰਾਸਤ-ਏ-ਖਾਲਸਾ’ ਵਿੱਚ ‘ਵੰਡ ਦੀ ਭਿਆਨਕਤਾ’ ਨੂੰ ਦਰਸਾਉਂਦੇ ਪ੍ਰੋਗਰਾਮ ਉਲੀਕੇ ਗਏ ਅਤੇ ਸੁਤੰਤਰਤਾ ਸੈਨਾਨੀਆਂ ਤੇ ਸ਼ਹੀਦ ਸੈਨਿਕਾਂ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਵੀ ਚਰਚਾ ਕੀਤੀ ਗਈ। ਇਸ ਮੌਕੇ ਭੁਪਿੰਦਰ ਸਿੰਘ, ਪਰਮਜੀਤ ਕੌਰ ਪਤਨੀ ਸ਼ਹੀਦ ਧਰਮ ਚੰਦ, ਹਰਪ੍ਰੀਤ ਕੌਰ ਪਤਨੀ ਸ਼ਹੀਦ ਗੱਜਣ ਸਿੰਘ, ਗੁਰਪ੍ਰੀਤ ਕੌਰ ਪਤਨੀ ਸ਼ਹੀਦ ਰਛਪਾਲ ਸਿੰਘ, ਜਸਵੀਰ ਕੌਰ ਪਤਨੀ ਸ਼ਹੀਦ ਹਰਜਿੰਦਰ ਸਿੰਘ, ਦਰਸ਼ਨ ਸਿੰਘ ਪੁੱਤਰ ਸ਼ਹੀਦ ਕੁਲਵਿੰਦਰ ਸਿੰਘ, ਹਰਬੰਸ ਸਿੰਘ ਪੁੱਤਰ ਸ਼ਹੀਦ ਗੁਰਨਿੰਦਰ ਸਿੰਘ, ਕੁਲਦੀਪ ਪਤਨੀ ਸ਼ਹੀਦ ਤਰਸੇਮ ਸਿੰਘ ਹੌਲਦਾਰ, ਜਸਵੀਰ ਕੌਰ ਪਤਨੀ ਸ਼ਹੀਦ ਅਜਮੇਰ ਸਿੰਘ, ਬਲਵਿੰਦਰ ਕੌਰ ਪਤਨੀ ਸ਼ਹੀਦ ਜਗਤਾਰ ਸਿੰਘ, ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰਕ ਮੈਂਬਰ ਮਨਜੀਤ ਕੌਰ ਤੇ ਪਤਵੰਤੇ ਹਾਜ਼ਰ ਸਨ, ਜਿਨ੍ਹਾਂ ਨੇ ਸੁਤੰਤਰਤਾ ਸੈਨਾਨੀਆਂ ਤੇ ਸ਼ਹੀਦਾਂ ਦੇ ਪਰਿਵਾਰਕ ਮੈਬਰਾਂ ਨਾਲ ਆਜ਼ਾਦੀ ਸੰਘਰਸ਼ ਬਾਰੇ ਚਰਚਾ ਕੀਤੀ।