ਪੱਤਰ ਪ੍ਰੇਰਕ
ਅਜਨਾਲਾ, 5 ਜੁਲਾਈ
ਲੁਧਿਆਣਾ ਜੇਲ੍ਹ ਵਿੱਚ ਬੰਦ ਇਥੋਂ ਦੇ ਨੇੜਲੇ ਪਿੰਡ ਚਮਿਆਰੀ ਦੇ ਨਾਬਾਲਗ ਨੌਜਵਾਨ ਰੋਹਿਤ ਮਸੀਹ ਪੁੱਤਰ ਮੇਜਰ ਮਸੀਹ ਦੀ ਮੌਤ ਹੋ ਗਈ ਹੈ| ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਦਾ ਲੜਕਾ ਰੋਹਿਤ ਅਤੇ ਕਸਬਾ ਚਮਿਆਰੀ ਦੀ ਹੀ ਇੱਕ ਲੜਕੀ ਪ੍ਰੇਮ ਕਰਦੇ ਸਨ ਤੇ ਕੁਝ ਸਮਾਂ ਪਹਿਲਾਂ ਦੋਵੇਂ ਘਰੋਂ ਨਿਕਲ ਗਏ ਸਨ| ਇਸ ਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਲੜਕੇ ਨੂੰ ਕਾਬੂ ਕਰ ਕੇ ਉਸ ਦੀ ਕੁੱਟਮਾਰ ਕੀਤੀ ਤੇ ਪੁਲੀਸ ਹਵਾਲੇ ਕਰ ਦਿੱਤਾ। ਪੁਲੀਸ ਨੇ ਲੜਕੇ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਲੁਧਿਆਣਾ ਜੇਲ੍ਹ ਭੇਜ ਦਿੱਤਾ, ਜਿੱਥੇ ਉਸ ਦੀ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰਾਂ ਨੇ ਇਸ ਸਬੰਧੀ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਮੰਗੀ ਹੈ।