ਨਿੱਜੀ ਪੱਤਰ ਪ੍ਰੇਰਕ
ਫ਼ਾਜਿ਼ਲਕਾ, 2 ਅਗਸਤ
ਫ਼ਾਜਿ਼ਲਕਾ ਦੇ ਪਿੰਡ ਆਵਾ ਦੇ ਇੱਕ ਨੌਜਵਾਨ ਦੀ ਕੈਨੇਡਾ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜ਼ਮੀਨ ਵੇਚ ਕੇ ਆਪਣੇ ਪੁੱਤ ਨੂੰ ਬਾਹਰ ਭੇਜਿਆ ਸੀ। ਪਰਿਵਾਰਕ ਮੈਂਬਰਾਂ ਨੇ ਭਾਰਤ ਅਤੇ ਕੈਨੇਡਾ ਦੀ ਸਰਕਾਰ ਤੋਂ ਨੌਜਵਾਨ ਦੀ ਲਾਸ਼ ਭਾਰਤ ਲਿਆਉਣ ਦੀ ਮੰਗ ਕੀਤੀ ਹੈ। ਲੜਕੇ ਦੇ ਪਿਤਾ ਜਸਵੀਰ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਦਿਲਪ੍ਰੀਤ ਸਿੰਘ (26) ਸਰੀ ਵਿਚ ਰਹਿੰਦਾ ਸੀ, ਜਿੱਥੇ ਉਸ ਦੀ ਇਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਸ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਅਜੇ ਪੱਕਾ ਪਤਾ ਨਹੀਂ ਲੱਗ ਸਕਿਆ ਕਿ ਹਾਦਸਾ ਕਦੋਂ ਵਾਪਰਿਆ। ਉਨ੍ਹਾਂ ਕਿਹਾ ਕਿ ਉਹ ਭਾਰਤ ਸਰਕਾਰ ਤੋਂ ਮੰਗ ਕਰਦੇ ਹਨ ਕਿ ਉਨ੍ਹਾਂ ਦੇ ਬੇਟੇ ਦੀ ਲਾਸ਼ ਨੂੰ ਭਾਰਤ ਲਿਆਂਦਾ ਜਾਵੇ।