ਗੁਰਬਖਸ਼ਪੁਰੀ
ਤਰਨ ਤਾਰਨ, 3 ਦਸੰਬਰ
ਸ਼ਹਿਰ ਦੇ ਇਕ ਪਰਿਵਾਰ ਦੇ ਤਿੰਨ ਜੀਆਂ ਦੀ ਬੀਤੇ ਦਿਨ ਭੇਤਭਰੀ ਹਾਲਤ ਵਿੱਚ ਹੋਈ ਮੌਤ ਦੀ ਗੁੱਥੀ ਸੁਲਝਾਉਂਦਿਆਂ ਪੁਲੀਸ ਨੇ ਮ੍ਰਿਤਕਾ ਗੀਤਇੰਦਰ ਕੌਰ ਦੇ ਪਤੀ ਰਾਜਬੀਰ ਸਿੰਘ ਨੂੰ ਦੋਸ਼ੀ ਮੰਨਦਿਆਂ ਗ੍ਰਿਫ਼ਤਾਰ ਕੀਤਾ ਹੈ। ਗੀਤਇੰਦਰ ਕੌਰ ਦੀ ਮਾਸੀ ਗੁਰਮੀਤ ਕੌਰ ਵਾਸੀ ਮਲੋਟ (ਮੁਕਤਸਰ) ਦੇ ਬਿਆਨਾਂ ਦੇ ਆਧਾਰ ’ਤੇ ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਦਫ਼ਾ 306 ਅਧੀਨ ਇਕ ਕੇਸ ਦਰਜ ਕੀਤਾ ਹੈ| ਇਸ ਵਾਰਦਾਤ ਵਿੱਚ ਗੀਤਇੰਦਰ ਕੌਰ ਤੋਂ ਇਲਾਵਾ ਉਸ ਦੀ ਮਾਤਾ ਪ੍ਰੀਤਮ ਕੌਰ (60) ਅਤੇ ਲੜਕੀ ਗੁਰਨੂਰ ਕੌਰ (10) ਦੀ ਕੋਈ ਜ਼ਹਿਰੀਲੀ ਵਸਤੂ ਨਿਗਲਣ ਨਾਲ ਮੌਤ ਹੋ ਗਈ ਸੀ| ਗੀਤਇੰਦਰ ਕੌਰ(35) ਨੌਂ ਮਹੀਨੇ ਦੀ ਗਰਭਵਤੀ ਸੀ ਅਤੇ ਉਸ ਨੇ ਅੱਜ ਕੱਲ੍ਹ ’ਚ ਹੀ ਬੱਚੇ ਨੂੰ ਜਨਮ ਦੇਣਾ ਸੀ| ਇਸੇ ਕਰਕੇ ਹੀ ਉਸ ਦੀ ਮਾਤਾ ਪ੍ਰੀਤਮ ਕੌਰ ਉਸ ਕੋਲ ਆਈ ਹੋਈ ਸੀ| ਗੀਤਇੰਦਰ ਕੌਰ ਦਾ ਪਹਿਲੇ ਵਿਆਹ ਮਗਰੋਂ ਤਲਾਕ ਹੋ ਗਿਆ ਸੀ ਅਤੇ ਉਸ ਦਾ ਦੂਸਰਾ ਵਿਆਹ ਇਸੇ ਸਾਲ ਜਨਵਰੀ ਵਿੱਚ ਇਥੋਂ ਦੇ ਗੁਰੂ ਤੇਗ ਬਹਾਦੁਰ ਨਗਰ ਦੇ ਵਾਸੀ ਰਾਜਬੀਰ ਸਿੰਘ ਨਾਲ ਹੋਇਆ ਸੀ| ਰਾਜਬੀਰ ਆਪਣੀ ਪਤਨੀ ਦੇ ਚਾਲ ਚਲਨ ’ਤੇ ਸ਼ੱਕ ਕਰਦਾ ਸੀ, ਜਿਸ ਕਰਕੇ ਉਹ ਉਸ ਦੀ ਕੁੱਟਮਾਰ ਵੀ ਕਰਦਾ ਸੀ| ਦੋਵਾਂ ਵਿਚਾਲੇ ਬੀਤੀ ਸਵੇਰ ਤਕਰਾਰ ਹੋਈ, ਜਿਸ ਤੋਂ ਦੁਖੀ ਹੋ ਕੇ ਗੀਤਇੰਦਰ ਕੌਰ ਤੇ ਉਸ ਦੀ ਮਾਤਾ ਪ੍ਰੀਤਮ ਕੌਰ ਨੇ ਖੁਦ ਜ਼ਹਿਰੀਲੀ ਦਵਾਈ ਨਿਗਲਣ ਦੇ ਨਾਲ ਹੀ 10 ਸਾਲ ਦੀ ਗੁਰਨੂਰ ਨੂੰ ਦੇ ਦਿੱਤੀ, ਜਿਸ ਕਾਰਨ ਤਿੰਨਾਂ ਦੀ ਮੌਤ ਹੋ ਗਈ ਸੀ| ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਮਗਰੋਂ ਲਾਸ਼ਾਂ ਦਾ ਸਸਕਾਰ ਇੱਥੋਂ ਦੇ ਨਾਨਕਸਰ ਮੁਹੱਲਾ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ।