ਜਸਵੰਤ ਜੱਸ
ਫ਼ਰੀਦਕੋਟ, 24 ਦਸੰਬਰ
ਬਹਬਿਲ ਗੋਲੀ ਕਾਂਡ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤੇ ਗਏ ਪੁਲੀਸ ਅਧਿਕਾਰੀਆਂ ਦੀਆਂ ਅਰਜ਼ੀਆਂ ਦਾ ਅਦਾਲਤ ਨੇ ਅੱਜ ਫ਼ੈਸਲਾ ਕਰਨਾ ਸੀ ਪਰ ਮੁਲਜ਼ਮ ਪਰਮਰਾਜ ਸਿੰਘ ਉਮਰਾਨੰਗਲ, ਚਰਨਜੀਤ ਸ਼ਰਮਾ ਅਤੇ ਐੱਸਪੀ ਬਿਕਰਮ ਸਿੰਘ ਦੇ ਪੇਸ਼ੀ ਤੋਂ ਗੈਰ-ਹਾਜ਼ਰ ਹੋਣ ਕਾਰਨ ਅਦਾਲਤ ਅਰਜ਼ੀਆਂ ’ਤੇ ਕੋਈ ਫੈਸਲਾ ਨਹੀਂ ਸੁਣਾ ਸਕੀ। ਮੁਲਜ਼ਮਾਂ ਨੇ ਮੰਗ ਕੀਤੀ ਹੈ ਕਿ ਜਦੋਂ ਤੱਕ ਸਾਬਕਾ ਡੀਜੀਪੀ ਸੁਮੇਧ ਸੈਣੀ ਅਦਾਲਤ ਵਿੱਚ ਪੇਸ਼ ਨਹੀਂ ਹੁੰਦੇ, ਉਦੋਂ ਤਕ ਦੋਸ਼ ਆਇਦ ਕਰਨ ਦੀ ਸੁਣਵਾਈ ਨੂੰ ਰੋਕਿਆ ਜਾਵੇ। ਹਾਈ ਕੋਰਟ ਦੇ ਹੁਕਮਾਂ ਅਨੁਸਾਰ ਸੁਮੇਧ ਸੈਣੀ ਨੂੰ ਫਰਵਰੀ 2022 ਤੱਕ ਅਦਾਲਤ ਵਿੱਚ ਪੇਸ਼ ਹੋਣ ਤੋਂ ਛੋਟ ਮਿਲੀ ਹੋਈ ਹੈ। ਹੁਣ ਇਹ ਫੈਸਲਾ 4 ਜਨਵਰੀ ਨੂੰ ਹੋਣ ਦੀ ਸੰਭਾਵਨਾ ਹੈ। ਪਰਮਰਾਜ ਸਿੰਘ ਉਮਰਾਨੰਗਲ ਦੇ ਵਕੀਲਾਂ ਨੇ ਅਦਾਲਤ ਨੂੰ ਦੱਸਿਆ ਕਿ ਉਮਰਾਨੰਗਲ ਨੂੰ ਵਧੇਰੇ ਸੁਰੱਖਿਆ ਦੇਣ ਲਈ ਕੇਂਦਰ ਸਰਕਾਰ ਨੇ ਪੰਜਾਬ ਦੇ ਪ੍ਰਮੁੱਖ ਸਕੱਤਰ ਨੂੰ ਲਿਖਿਆ ਹੋਇਆ ਹੈ ਪਰ ਇਸ ਦੇ ਬਾਵਜੂਦ ਉਸ ਦੀ ਸੁਰੱਖਿਆ ਨਹੀਂ ਵਧਾਈ ਗਈ। ਸਾਬਕਾ ਪੁਲੀਸ ਮੁਖੀ ਚਰਨਜੀਤ ਸ਼ਰਮਾ ਨੇ ਆਪਣੀ ਅਰਜ਼ੀ ਵਿੱਚ ਖ਼ਦਸ਼ਾ ਜ਼ਾਹਿਰ ਕੀਤਾ ਹੈ ਕਿ ਹਾਲ ਹੀ ਵਿੱਚ ਸ੍ਰੀ ਦਰਬਾਰ ਸਾਹਿਬ ਅਤੇ ਕਪੂਰਥਲਾ ਵਿੱਚ ਵਾਪਰੀਆਂ ਘਟਨਾਵਾਂ ਕਾਰਨ ਉਹ ਆਪਣੀ ਜਾਨ ਨੂੰ ਖਤਰਾ ਮਹਿਸੂਸ ਕਰਦੇ ਹਨ। ਉਮਰਾਨੰਗਲ ਅਤੇ ਚਰਨਜੀਤ ਸ਼ਰਮਾ ਆਪਣੇ ਸੁਰੱਖਿਆ ਕਾਰਨਾਂ ਕਰਕੇ ਉਮਰਾਨੰਗਲ ਅੱਜ ਅਦਾਲਤ ਵਿੱਚ ਹਾਜ਼ਰ ਨਹੀਂ ਹੋਏ। ਹਾਲਾਂਕਿ ਜ਼ਿਲ੍ਹਾ ਪੁਲੀਸ ਨੇ ਅਦਾਲਤ ਵਿੱਚ ਅੱਜ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ। ਅਦਾਲਤ ਨੇ ਮੁਲਜ਼ਮਾਂ ਨੂੰ ਅਗਲੀ ਪੇਸ਼ੀ ’ਤੇ ਹਾਜ਼ਰ ਹੋਣ ਦੇ ਹੁਕਮ ਦਿੱਤੇ ਹਨ।
ਇਨਸਾਫ਼ ਮਿਲਣ ਤੱਕ ਜਾਰੀ ਰਹੇਗਾ ਧਰਨਾ: ਪੀੜਤ
ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਅਤੇ ਇਨਸਾਫ਼ ਦੀ ਮੰਗ ਲੈ ਕੇ ਬਹਬਿਲ ਗੋਲੀ ਕਾਂਡ ਵਾਲੀ ਥਾਂ ‘ਤੇ ਧਰਨੇ ਉਪਰ ਬੈਠੇ ਪੀੜਤਾਂ ਨੇ ਦੋਸ਼ ਲਾਇਆ ਕਿ ਮੁਲਜ਼ਮ ਨਿਆਂ ਪ੍ਰਣਾਲੀ ਦਾ ਮਜ਼ਾਕ ਉਡਾ ਰਹੇ ਹਨ। ਸੁਖਰਾਜ ਸਿੰਘ ਨੇ ਕਿਹਾ ਕਿ ਸਰਕਾਰ ਨੇ ਇਸ ਮਾਮਲੇ ਵਿੱਚ ਮੁਲਜ਼ਮਾਂ ਖਿਲਾਫ਼ ਕਾਨੂੰਨੀ ਕਾਰਵਾਈ ਲਈ ਪੂਰੀ ਤਰ੍ਹਾਂ ਗੰਭੀਰਤਾ ਨਹੀਂ ਦਿਖਾਈ। ਸੁਖਰਾਜ ਸਿੰਘ ਅਤੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਜਦੋਂ ਤੱਕ ਬਹਬਿਲ ਗੋਲੀ ਕਾਂਡ ਵਿੱਚ ਇਨਸਾਫ ਨਹੀਂ ਹੁੰਦਾ, ਉਦੋਂ ਤੱਕ ਉਨ੍ਹਾਂ ਦਾ ਰੋਸ ਧਰਨਾ ਲਗਾਤਾਰ ਜਾਰੀ ਰਹੇਗਾ।